UAE : ਭਾਰਤੀ ਬੱਚੀ ਨੇ 22 ਭਾਸ਼ਾਵਾਂ ਵਿਚ ਗਾ ਕੇ ਕੋਵਿਡ-19 ਸਬੰਧੀ ਕੀਤਾ ਜਾਗਰੂਕ

05/09/2020 2:38:00 PM

ਦੁਬਈ- ਸੰਯੁਕਤ ਅਰਬ ਅਮੀਰਾਤ ਵਿਚ ਭਾਰਤੀ ਮੂਲ ਦੀ ਇਕ 14 ਸਾਲਾ ਬੱਚੀ 22 ਭਾਸ਼ਾਵਾਂ ਵਿਚ ਗਾ ਕੇ ਲੋਕਾਂ ਨੂੰ ਕੋਵਿਡ-19 ਸਬੰਧੀ ਜਾਗਰੂਕ ਕਰ ਰਹੀ ਹੈ। ਸੁਚੇਥਾ ਸਤੀਸ਼ ਨਾਂ ਦੀ ਇਹ ਬੱਚੀ ਖੁਦ ਨੂੰ ਕੋਵਿਡ-19 ਦੀ ਯੋਧਾ ਆਖਦੀ ਹੈ। ਉਸ ਨੇ ਆਪਣੀ ਮਾਂ ਸੁਮਿਤਾ ਆਈਲਾਥ ਵਲੋਂ ਅਰਬੀ ਭਾਸ਼ਾ ਅਤੇ 21 ਭਾਰਤੀ ਭਾਸ਼ਾਵਾਂ ਵਿਚ ਲਿਖੇ ਜਾਗਰੂਕਤਾ ਫੈਲਾਉਣ ਵਾਲੇ ਗੀਤ ਗਾਏ ਹਨ। 

ਉਸ ਵਲੋਂ ਮਲਿਆਲਮ, ਹਿੰਦੀ, ਬੰਗਾਲੀ, ਤਮਿਲ, ਅਸਾਮੀ ਭਾਸ਼ਾਵਾਂ ਵਿਚ ਗਾਏ ਗੀਤਾਂ ਨੂੰ ਕੇਰਲ ਸਰਕਾਰ ਨੇ ਰਲੀਜ਼ ਵੀ ਕੀਤਾ ਹੈ। ਉਸ ਨੇ ਕੋਵਿਡ-19 ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਅੰਗਰੇਜ਼ੀ ਵਿਚ 16 ਮਾਰਚ ਨੂੰ ਪਹਿਲਾ ਗੀਤ ਰਲੀਜ਼ ਕੀਤਾ ਸੀ, ਜਿਸ ਦਾ ਨਾਂ- 'ਸੇਅ ਨੋ ਟੂ ਪੈਨਿਕ' ਸੀ। ਇਸ ਮਗਰੋਂ ਉਸ ਨੇ ਆਪਣੀ ਮਾਂ ਬੋਲੀ (ਮਲਿਆਲਮ) ਵਿਚ ਦੂਜਾ ਗੀਤ ਗਾਇਆ ਤਾਂ ਕਿ ਯੂ. ਏ. ਈ. ਵਿਚ ਰਹਿ ਰਹੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਜਾਗਰੂਕ ਕਰ ਸਕੇ।
ਉਸ ਨੇ ਦੱਸਿਆ ਕਿ ਉਹ ਸੰਗੀਤ ਦੇ ਮਾਧਿਅਮ ਨਾਲ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਆਪਣੀ ਮਾਂ ਦੀ ਮਦਦ ਨਾਲ ਉਸ ਨੇ ਇਹ ਸਾਰੇ ਗੀਤ ਕੰਪੋਜ਼ ਵੀ ਕੀਤੇ ਹਨ। ਉਹ ਫਿਲਹਾਲ ਦੁਬਈ ਵਿਚ 10ਵੀਂ ਕਲਾਸ ਵਿਚ ਪੜ੍ਹਦੀ ਹੈ।
ਉਸ ਨੇ ਕਿਹਾ ਕਿ ਲੋਕਾਂ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਉਤਸਾਹਿਤ ਕੀਤਾ, ਜਿਸ ਕਾਰਨ ਉਹ ਹੋਰ ਭਾਸ਼ਾਵਾਂ ਵਿਚ ਵੀ ਗਾਉਣ ਲੱਗ ਗਈ। 


Lalita Mam

Content Editor

Related News