ਯੂਕ੍ਰੇਨ ਲਈ ਸਮਰਥਨ ਹਾਸਲ ਕਰਨ ਲਈ ਵੱਖ-ਵੱਖ ਦੇਸ਼ਾਂ 'ਚ ਜਾਣਗੇ ਅਮਰੀਕੀ ਸੰਸਦ ਮੈਂਬਰ
Monday, Apr 18, 2022 - 01:09 PM (IST)
 
            
            ਵਾਸ਼ਿੰਗਟਨ (ਵਾਰਤਾ): ਯੂਕ੍ਰੇਨ ਲਈ ਮਜ਼ਬੂਤ ਸਮਰਥਨ ਹਾਸਲ ਕਰਨ ਲਈ ਅਮਰੀਕੀ ਸੰਸਦ ਮੈਂਬਰਾਂ ਦਾ ਇੱਕ ਸਮੂਹ ਜਰਮਨੀ, ਪੋਲੈਂਡ, ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦਾ ਦੌਰਾ ਕਰੇਗਾ। ਅਮਰੀਕੀ ਅਖ਼ਬਾਰ 'ਦਿ ਹਿੱਲ' ਨੇ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ। ਅਖ਼ਬਾਰ ਨੇ ਐਤਵਾਰ ਨੂੰ ਆਪਣੀ ਰਿਪੋਰਟ 'ਚ ਅਮਰੀਕੀ ਸੰਸਦ ਮੈਂਬਰਾਂ ਦੇ ਸਾਂਝੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵਫਦ ਪੋਲੈਂਡ, ਸੰਯੁਕਤ ਅਰਬ ਅਮੀਰਾਤ, ਭਾਰਤ, ਨੇਪਾਲ ਅਤੇ ਜਰਮਨੀ ਦੇ ਕਈ ਪ੍ਰਮੁੱਖ ਨੇਤਾਵਾਂ ਨਾਲ ਮੁਲਾਕਾਤ ਕਰੇਗਾ ਤਾਂ ਜੋ ਵਧ ਰਹੇ ਗਲੋਬਲ ਤਣਾਅ ਦੇ ਇਸ ਦੌਰ 'ਚ ਆਪਸੀ ਸਬੰਧਾਂ ਨੂੰ ਮਜ਼ਬੂਤ ਕੀਤਾ ਜਾ ਸਕੇ।
ਪੜ੍ਹੋ ਇਹ ਅਹਿਮ ਖ਼ਬਰ -ਯੂਕ੍ਰੇਨ ਅਤੇ ਮੋਲਡੋਵਾ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰੇਗਾ ਯੂਰਪੀਅਨ ਯੂਨੀਅਨ
ਅਮਰੀਕੀ ਸੰਸਦ ਮੈਂਬਰ ਮਾਰਕ ਕੈਲੀ ਨੇ ਐਤਵਾਰ ਸ਼ਾਮ ਨੂੰ ਅਖ਼ਬਾਰ ਨੂੰ ਇੱਕ ਈ-ਮੇਲ ਭੇਜ ਕੇ ਵਫ਼ਦ ਦੇ ਆਉਣ ਵਾਲੇ ਨੌਂ ਦਿਨਾਂ ਦੌਰੇ ਦੀ ਘੋਸ਼ਣਾ ਕੀਤੀ। ਅਮਰੀਕੀ ਸੰਸਦ ਮੈਂਬਰਾਂ ਨੇ ਇੱਕ ਸੰਯੁਕਤ ਬਿਆਨ ਵਿੱਚ ਕਿਹਾ ਕਿ ਇਸ ਮਜ਼ਬੂਤ ਕਾਂਗਰਸ ਦੇ ਵਫ਼ਦ ਨੂੰ ਪੋਲੈਂਡ ਵਿੱਚ ਅਮਰੀਕੀ ਫ਼ੌਜੀ ਲੀਡਰਸ਼ਿਪ ਅਤੇ ਸੈਨਿਕਾਂ ਨਾਲ ਮਿਲਣ ਦਾ ਮੌਕਾ ਮਿਲੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਅਮਰੀਕਾ ਯੂਕ੍ਰੇਨ ਅਤੇ ਸਾਡੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਹਿਯੋਗੀਆਂ ਦਾ ਸਮਰਥਨ ਕਿਵੇਂ ਜਾਰੀ ਰੱਖ ਸਕਦਾ ਹੈ। ਅਖ਼ਬਾਰ ਦੇ ਅਨੁਸਾਰ ਜਰਮਨੀ, ਪੋਲੈਂਡ, ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਰੂਸ ਨੂੰ ਅਲੱਗ-ਥਲੱਗ ਕਰਨ ਲਈ ਅਮਰੀਕਾ ਦੀ ਅਗਵਾਈ ਵਾਲੇ ਯਤਨਾਂ ਵਿੱਚ ਸਹਿਯੋਗ ਕਰਨ ਵਿੱਚ ਕਾਫ਼ੀ ਸਰਗਰਮ ਨਹੀਂ ਰਹੇ ਹਨ। ਜ਼ਿਕਰਯੋਗ ਹੈ ਕਿ ਰੂਸ 24 ਫਰਵਰੀ ਤੋਂ ਯੂਕ੍ਰੇਨ 'ਚ ਵਿਸ਼ੇਸ਼ ਫ਼ੌਜੀ ਮੁਹਿੰਮ ਚਲਾ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            