ਅਮਰੀਕਾ ਦੁਆਰਾ ਕੋਸੋਵੋ ਦੇਸ਼ ਦੀ ਫਾਈਜ਼ਰ ਵੈਕਸੀਨ ਦੀਆਂ 5 ਲੱਖ ਖੁਰਾਕਾਂ ਨਾਲ ਸਹਾਇਤਾ

09/04/2021 9:34:20 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਵੱਲੋਂ ਵਿਸ਼ਵ ਪੱਧਰ 'ਤੇ ਕੋਰੋਨਾ ਵੈਕਸੀਨ ਖੁਰਾਕਾਂ ਵੰਡੇ ਜਾਣ ਦੀ ਲੜੀ ਤਹਿਤ ਰਿਪਬਲਿਕ ਆਫ ਕੋਸੋਵੋ ਨੂੰ ਫਾਈਜ਼ਰ ਕੋਵਿਡ-19 ਟੀਕੇ ਦੀਆਂ ਤਕਰੀਬਨ 503,100 ਖੁਰਾਕਾਂ ਦਿੱਤੀਆਂ ਜਾਣਗੀਆਂ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਸ ਸਬੰਧੀ ਸ਼ੁੱਕਰਵਾਰ ਨੂੰ ਇੱਕ ਫੋਨ ਕਾਲ ਦੌਰਾਨ ਕੋਸੋਵੋ ਦੇ ਰਾਸ਼ਟਰਪਤੀ ਵਜੋਸਾ ਓਸਮਾਨੀ-ਸਦਰਿਊ ਨਾਲ ਗੱਲਬਾਤ ਕੀਤੀ। ਵੈਕਸੀਨ ਦੀਆਂ ਇਨ੍ਹਾਂ ਖੁਰਾਕਾਂ ਦੇ ਸ਼ਨੀਵਾਰ ਦੇਰ ਤੱਕ ਕੋਸੋਵੋ ਪਹੁੰਚਣ ਦੀ ਉਮੀਦ ਹੈ। ਇਹ ਖੁਰਾਕਾਂ ਕੋਰੋਨਾ ਵੈਕਸੀਨ ਪ੍ਰੋਗਰਾਮ ਕੋਵੈਕਸ ਰਾਹੀਂ ਦਿੱਤੀਆਂ ਜਾਣਗੀਆਂ ਜਦਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਕੋਸੋਵੋ ਨੂੰ ਅਗਸਤ ਵਿੱਚ 35,000 ਖੁਰਾਕਾਂ ਭੇਜ ਚੁੱਕਿਆ ਹੈ। ਫੋਨ 'ਤੇ ਗੱਲਬਾਤ ਦੌਰਾਨ ਹੈਰਿਸ ਨੇ ਓਸਮਾਨੀ ਸਦਰਿਯੂ ਦਾ ਅਫਗਾਨਿਸਤਾਨ ਤੋਂ ਨਿਕਾਸੀ ਦੇ ਯਤਨਾਂ ਵੇਲੇ ਕੋਸੋਵੋ ਵੱਲੋਂ ਅਮਰੀਕਾ ਦੀ ਕੀਤੀ ਸਹਾਇਤਾ ਲਈ ਧੰਨਵਾਦ ਵੀ ਕੀਤਾ।

ਇਹ ਵੀ ਪੜ੍ਹੋ- ਪੀ.ਐੱਮ. ਮੋਦੀ ਸਤੰਬਰ ਦੇ ਅਖੀਰ 'ਚ ਜਾ ਸਕਦੇ ਹਨ ਅਮਰੀਕਾ

ਜ਼ਿਕਰਯੋਗ ਹੈ ਕਿ ਕੋਸੋਵੋ ਦੁਆਰਾ ਅਫਗਾਨੀਆਂ ਨੂੰ ਪੂਰਬੀ ਕੋਸੋਵੋ ਦੇ ਕੈਂਪ ਬਾਂਡਸਟਿਲ ਵਿਖੇ ਅਸਥਾਈ ਤੌਰ 'ਤੇ ਰਿਹਾਇਸ਼ ਮੁਹੱਈਆ ਕਰਵਾਈ ਗਈ ਸੀ। ਤਕਰੀਬਨ 1.7 ਮਿਲੀਅਨ ਦੀ ਆਬਾਦੀ ਵਾਲੇ ਕੋਸੋਵੋ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ।  ਵਿਸ਼ਵ ਸਿਹਤ ਸੰਗਠਨ (ਡਬਲਿਯੂ.ਐੱਚ.ਓ.) ਦੇ ਅਨੁਸਾਰ, ਇਸ ਦੇਸ਼ ਵਿੱਚ 23 ਅਗਸਤ ਦੇ ਹਫ਼ਤੇ ਦੌਰਾਨ ਕੋਵਿਡ-19 ਦੇ ਲਗਭਗ 13,475 ਕੇਸਾਂ ਦੀ ਪੁਸ਼ਟੀ ਹੋਈ ਸੀ ਅਤੇ 3 ਜਨਵਰੀ 2020 ਅਤੇ 2 ਸਤੰਬਰ, 2021 ਦੇ ਵਿੱਚ ਤਕਰੀਬਨ 2,516 ਕੋਵਿਡ-19 ਮੌਤਾਂ ਦਰਜ ਕੀਤੀਆਂ ਗਈਆਂ ਹਨ। ਟੀਕਾਕਰਨ ਦੇ ਅੰਕੜਿਆਂ ਅਨੁਸਾਰ ਕੋਸੋਵੋ ਵਿੱਚ ਹੁਣ ਤੱਕ ਵੈਕਸੀਨ ਦੀਆਂ 808,078 ਖੁਰਾਕਾਂ ਲਗਾਈਆਂ ਗਈਆਂ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News