ਅਮਰੀਕਾ ਨੇ ਸ਼ਿਨਜਿਆਂਗ ''ਚ ਮਨੁੱਖੀ ਅਧਿਕਾਰਾਂ ਦੇ ਘਾਣ ਲਈ ਚੀਨ ''ਤੇ ਲਾਈਆਂ ਪਾਬੰਦੀਆਂ

Saturday, Aug 01, 2020 - 07:17 PM (IST)

ਅਮਰੀਕਾ ਨੇ ਸ਼ਿਨਜਿਆਂਗ ''ਚ ਮਨੁੱਖੀ ਅਧਿਕਾਰਾਂ ਦੇ ਘਾਣ ਲਈ ਚੀਨ ''ਤੇ ਲਾਈਆਂ ਪਾਬੰਦੀਆਂ

ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਨੇ ਜਾਤੀ ਤੇ ਧਾਰਮਿਕ ਘੱਟਗਿਣਤੀਆਂ ਦੇ ਖਿਲਾਫ ਕਥਿਤ ਮਨੁੱਖੀ ਅਧਿਕਾਰਾਂ ਦੇ ਘਾਣ ਲਈ ਚੀਨ ਦੇ ਪੱਛਮੀ ਸ਼ਿਨਜਿਆਂਗ ਖੇਤਰ ਵਿਚ ਇਕ ਪ੍ਰਮੁੱਖ ਫੌਜੀ ਸੰਗਠਨ ਤੇ ਉਸ ਦੇ ਕਮਾਂਡਰ 'ਤੇ ਸ਼ੁੱਕਰਵਾਰ ਨੂੰ ਪਾਬੰਦੀ ਲਗਾ ਦਿੱਤੀ। ਵਿਦੇਸ਼ ਤੇ ਵਿੱਤ ਵਿਭਾਗਾਂ ਨੇ ਪਾਬੰਦੀਆਂ ਦਾ ਐਲਾਨ ਕੀਤਾ। ਨਾਲ ਹੀ ਵਾਈਟ ਹਾਊਸ ਨੇ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਦੇ ਕਾਰਣ ਸਥਾਨਕ ਸਰਕਾਰ ਦੀ ਚੋਣ ਟਾਲਣ ਦੇ ਲਈ ਹਾਂਗਕਾਂਗ 'ਚ ਅਧਿਕਾਰੀਆਂ ਦੀ ਨਿੰਦਾ ਕੀਤੀ।

ਚੋਣਾਂ ਵਿਚ ਦੇਰੀ ਨੂੰ ਲੈ ਕੇ ਨਿੰਦਾ ਅਜਿਹੇ ਵੇਲੇ ਵਿਚ ਕੀਤੀ ਗਈ ਹੈ ਜਦੋਂ ਇਕ ਦਿਨ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਨਵੰਬਰ ਵਿਚ ਹੋਣ ਵਾਲੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਨੂੰ ਟਾਲਣ ਦਾ ਸੁਝਾਅ ਦਿੱਤਾ। ਇਨ੍ਹਾਂ ਪਾਬੰਦੀਆਂ ਦਾ ਮਤਲਬ ਹੈ ਕਿ ਅਮਰੀਕਾ ਵਿਚ ਇਨ੍ਹਾਂ ਸੰਗਠਨਾਂ ਤੇ ਵਿਅਕਤੀਆਂ ਦੀ ਕਿਸੇ ਵੀ ਜਾਇਦਾਦ ਨੂੰ ਕੁਰਕ ਕੀਤਾ ਜਾ ਸਕਦਾ ਹੈ ਤੇ ਅਮਰੀਕੀਆਂ ਦੇ ਉਨ੍ਹਾਂ ਦੇ ਨਾਲ ਵਪਾਰ ਕਰਨ ਦੀ ਮਨਾਹੀ ਹੋਵੇਗੀ। ਉਈਗਰ ਮੁਸਲਮਾਨਾਂ ਦੇ ਖਿਲਾਫ ਕਥਿਤ ਅੱਤਿਆਚਾਰ ਦੇ ਲਈ ਸ਼ਿਨਜਿਆਂਗ ਪ੍ਰੋਡਕਸ਼ਨ ਐਂਡ ਕੰਸਟ੍ਰਕਸ਼ਨ ਕੋਰਪ, ਉਸ ਦੇ ਕਮਾਂਡਰ 'ਤੇ ਪਾਬੰਦੀਆਂ ਲਗਾਈਆਂ ਹਨ।

ਪ੍ਰੋਡਕਸ਼ਨ ਐਂਡ ਕੰਸਟ੍ਰਕਸ਼ਨ ਕੋਰਪ ਚੀਨ ਦੀ ਕਮਿਊਨਿਸਟ ਪਾਰਟੀ ਨੂੰ ਰਿਪੋਰਟ ਕਰਦੀ ਹੈ ਤੇ ਸ਼ਿਨਜਿਆਂਗ ਵਿਚ ਅਰਬਾਂ ਡਾਲਰ ਦੀਆਂ ਵਿਕਾਸ ਪਰਿਯੋਜਨਾਵਾਂ ਦੀ ਇੰਚਾਰਜ ਹੈ। ਵਿੱਤ ਮੰਤਰੀ ਸਟੀਵਨ ਮਨੁਚਿਨ ਨੇ ਇਕ ਬਿਆਨ ਵਿਚ ਕਿਹਾ ਕਿ ਅਮਰੀਕਾ ਸ਼ਿਨਜਿਆਂਗ ਤੇ ਦੁਨੀਆ ਭਰ ਵਿਚ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਜ਼ਿੰਮੇਦਾਰ ਠਹਿਰਾਉਣ ਦੇ ਲਈ ਆਪਣੀਆਂ ਵਿੱਤੀ ਸ਼ਕਤੀਆਂ ਦਾ ਪੂਰੀ ਤਰ੍ਹਾਂ ਇਸਤੇਮਾਲ ਕਰਨ ਲਈ ਵਚਨਬੱਧ ਹੈ।

ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਦੋ ਅਧਿਕਾਰੀਆਂ ਕਮਾਂਡਰ ਪੇਂਗ ਜਿਆਰੁਈ ਤੇ ਸਾਬਕਾ ਕਮਿਸਰ ਸੁਨ ਜਿਨਲੋਂਗ 'ਤੇ ਵੀ ਅਮਰੀਕਾ ਵੀਜ਼ਾ ਪਾਬੰਦੀਆਂ ਲੱਗਣਗੀਆਂ। ਟਰੰਪ ਪ੍ਰਸ਼ਾਸਨ ਨੇ ਪਹਿਲਾਂ ਵੀ ਸ਼ਿਨਜਿਆਂਗ ਵਿਚ ਹੋਰ ਅਧਿਕਾਰੀਆਂ 'ਤੇ ਪਾਬੰਦੀ ਲਗਾਈ ਸੀ। ਇਸ ਵਿਚਾਲੇ ਵਾਈਟ ਹਾਊਸ ਨੇ ਹਾਂਗਕਾਂਗ ਵਿਚ ਆਉਣ ਵਾਲੀਆਂ ਚੋਣਾਂ ਨੂੰ ਟਾਲਣ ਦੀ ਨਿੰਦਾ ਕੀਤੀ।


author

Baljit Singh

Content Editor

Related News