ਫਿਲਪੀਨ 'ਚ 64 ਲੋਕਾਂ ਦੀ ਜਾਨ ਲੈਣ ਤੋਂ ਬਾਅਦ ਹਾਂਗਕਾਂਗ ਨੇੜੇ ਪਹੁੰਚਿਆ ਤੂਫਾਨ 'ਮਾਂਖੁਤ'
Sunday, Sep 16, 2018 - 06:15 PM (IST)

ਟੁਗਵੇਗਾਰਾਓ— ਭਿਆਨਕ ਤੂਫਾਨ ਮਾਂਖੁਤ ਉੱਤਰੀ ਫਿਲਪੀਨ 'ਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਐਤਵਾਰ ਨੂੰ ਸੰਘਣੀ ਆਬਾਦੀ ਵਾਲੇ ਹਾਂਗਕਾਂਗ ਨੇੜੇ ਪਹੁੰਚ ਗਿਆ ਹੈ ਤੇ ਦੱਖਣੀ ਚੀਨ ਵੱਲ ਵਧ ਰਿਹਾ ਹੈ। ਫਿਲਪੀਨ 'ਚ ਹਨੇਰੀ ਤੇ ਮੂਸਲਾਧਾਰ ਵਰਖਾ ਦੇ ਨਾਲ ਆਏ ਤੂਫਾਨ ਕਾਰਨ ਜ਼ਮੀਨ ਖਿਸਕਣ ਤੇ ਮਕਾਨ ਢਹਿਣ ਦੀਆਂ ਘਟਨਾਵਾਂ 'ਚ ਘੱਟ ਤੋਂ ਘੱਟ 64 ਲੋਕ ਮਾਰੇ ਗਏ। ਦੁਨੀਆ 'ਚ ਇਹ ਇਸ ਸਾਲ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ। ਇਸ ਤੂਫਾਨ ਦੇ ਰਸਤੇ 'ਚ 50 ਲੱਖ ਤੋਂ ਜ਼ਿਆਦਾ ਲੋਕ ਹਨ।
ਮਾਂਖੁਤ ਜਦੋਂ ਫਿਲਪੀਨ ਪਹੁੰਚਿਆ ਤਾਂ ਪੰਜ ਸ਼੍ਰੇਣੀ ਦੇ ਅਟਲਾਂਟਿਕ ਤੂਫਾਨ ਦੇ ਬਰਾਬਰ ਤੇਜ਼ ਹਵਾਵਾਂ ਤੇ ਹਨੇਰੀ ਚੱਲੀ। ਹਾਂਗਕਾਂਗ ਤੇ ਦੱਖਣੀ ਚੀਨ ਨੇ ਤੂਫਾਨ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਹਨ। ਗੁਆਂਗਦੋਂਗ ਦੇ ਸੂਬਾਈ ਦਫਤਰ ਨੇ ਐਤਵਾਰ ਨੂੰ ਦੱਸਿਆ ਕਿ 7 ਸ਼ਹਿਰਾਂ ਤੋਂ ਕਰੀਬ 5 ਲੱਖ ਲੋਕਾਂ ਤੋਂ ਇਲਾਕਾ ਖਾਲੀ ਕਰਵਾਇਆ ਗਿਆ ਹੈ। ਹਾਂਗਕਾਂਗ ਆਬਜ਼ਰਵੇਟਰੀ ਨੇ ਕਿਹਾ ਕਿ ਹਾਲਾਂਕਿ ਮਾਂਖੁਤ ਥੋੜਾ ਕਮਜ਼ੋਰ ਪਿਆ ਹੈ ਪਰ ਇਸ ਦਾ ਪ੍ਰਭਾਵ ਅਜੇ ਵੀ ਜ਼ਬਰਦਸਤ ਹੈ। ਇਹ ਆਪਣੇ ਨਾਲ ਤੇਜ਼ ਹਵਾਵਾਂ ਤੇ ਵਰਖਾ ਲੈ ਕੇ ਆ ਰਿਹਾ ਹੈ। ਫਿਲਪੀਨ ਦੇ ਰਾਸ਼ਟਰੀ ਪੁਲਸ ਡਾਇਰੈਕਟਰ ਜਨਰਲ ਆਸਕਰ ਅਲਬਾਯਾਲਦੇ ਨੇ ਦੱਸਿਆ ਕਿ ਕੋਲਡਲੇਰਾ ਪਹਾੜੀ ਇਲਾਕੇ 'ਚ 20 ਲੋਕ, ਨਵੇਵਾ ਵਿਜਕਾਯਾ ਸੂਬੇ 'ਚ ਕਰੀਬ ਚਾਰ ਲੋਕ ਤੇ ਇਕ ਹੋਰ ਇਲਾਕੇ 'ਚ ਇਕ ਹੋਰ ਵਿਅਕਤੀ ਦੀ ਮਾਰਿਆ ਗਿਆ ਹੈ। ਉੱਤਰ ਪੂਰਬੀ ਕਾਗਯਾਨ ਸੂਬੇ 'ਚ ਤਿੰਨ ਹੋਰ ਲੋਕਾਂ ਦੀ ਮੌਤ ਦੀਆਂ ਖਬਰਾਂ ਹਨ। ਅਜੇ ਬਾਕੀ ਮ੍ਰਿਤਕਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ।
ਫਿਲਪੀਨ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਰਤੇਤੇ ਦੇ ਸਲਾਹਕਾਰ ਫ੍ਰਾਂਸਿਸ ਟੋਲੇਂਤਿਨੋ ਨੇ ਦੱਸਿਆ ਕਿ ਮ੍ਰਿਤਕਾਂ 'ਚ ਇਕ ਨਵਜਾਤ ਤੇ ਦੋ ਸਾਲਾ ਬੱਚਾ ਵੀ ਸ਼ਾਮਲ ਹੈ ਜੋ ਕਿ ਆਪਣੇ ਮਾਤਾ-ਪਿਤਾ ਨਾਲ ਮਾਰੇ ਗਏ ਹਨ। ਚੀਨ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਇਕ ਅਲਰਟ ਜਾਰੀ ਕਰਦੇ ਹੋਏ ਦੱਸਿਆ ਕਿ ਮਾਂਖੁਤ ਗੁਆਂਗਦੋਂਗ ਸੂਬੇ ਦੇ ਤੱਟ 'ਤੇ ਐਤਵਾਰ ਦੁਪਹਿਰੇ ਜਾਂ ਸ਼ਾਮ ਤੱਕ ਪਹੁੰਚੇਗਾ।