ਪਾਕਿਸਤਾਨ : ਇਮਰਾਨ ਖਾਨ ਦੀ ਪਾਰਟੀ ਦੇ ਦੋ ਸੀਨੀਅਰ ਨੇਤਾ ਗ੍ਰਿਫ਼ਤਾਰ

Friday, May 12, 2023 - 01:18 PM (IST)

ਇਸਲਾਮਾਬਾਦ (ਭਾਸ਼ਾ)- ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭ੍ਰਿਸ਼ਟਾਚਾਰ ਦੇ ਇਕ ਮਾਮਲੇ ‘ਚ ਗ੍ਰਿਫ਼ਤਾਰੀ ਤੋਂ ਬਾਅਦ ਦੇਸ਼ ‘ਚ ਵਧ ਰਹੀ ਸਿਆਸੀ ਉਥਲ-ਪੁਥਲ ਦਰਮਿਆਨ ਸਰਕਾਰ ਨੇ ਵਿਰੋਧੀ ਪਾਰਟੀ ਖ਼ਿਲਾਫ਼ ਮੁਹਿੰਮ ਛੇੜ ਦਿੱਤੀ ਹੈ, ਜਿਸ ਤਹਿਤ ਇਮਰਾਨ ਖਾਨ ਦੀ ‘ਪਾਕਿਸਤਾਨ ਤਹਿਰੀਕ-ਏ-ਇਨਸਾਫ' ਪਾਰਟੀ ਦੇ ਦੋ ਸੀਨੀਅਰ ਨੇਤਾਵਾਂ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਨੁੱਖੀ ਅਧਿਕਾਰਾਂ ਦੀ ਸਾਬਕਾ ਸੰਘੀ ਮੰਤਰੀ ਸ਼ਿਰੀਨ ਮਜ਼ਾਰੀ ਨੂੰ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮਜ਼ਾਰੀ ਦੀ ਧੀ ਇਮਾਨ ਹਾਜ਼ਿਰ-ਮਜ਼ਾਰੀ ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਸਾਦੇ ਕੱਪੜਿਆਂ 'ਚ ਕੁਝ ਲੋਕ ਸਾਬਕਾ ਮੰਤਰੀ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੇ ਘਰ 'ਚ ਦਾਖਲ ਹੁੰਦੇ ਨਜ਼ਰ ਆ ਰਹੇ ਹਨ। 

ਇਮਾਨ-ਹਾਜਿਰ ਮਜ਼ਾਰੀ ਇੱਕ ਵਕੀਲ ਹੈ। ਬਾਅਦ 'ਚ ਟਵਿੱਟਰ 'ਤੇ ਇਕ ਹੋਰ ਵੀਡੀਓ ਸ਼ੇਅਰ ਕੀਤੀ ਗਈ, ਜਿਸ 'ਚ ਕੁਝ ਮਹਿਲਾ ਅਧਿਕਾਰੀ ਸਾਬਕਾ ਮੰਤਰੀ ਨੂੰ ਉਨ੍ਹਾਂ ਦੇ ਘਰ ਤੋਂ ਲੈ ਕੇ ਨਿਕਲਦੀਆਂ ਦਿਖਾਈ ਦੇ ਰਹੀਆਂ ਹਨ। ਪੁਲਸ ਦੀ ਗੱਡੀ ਵਿੱਚ ਲਿਜਾਂਦੇ ਸਮੇਂ ਮਜ਼ਾਰੀ ਨੇ ਜਿੱਤ ਦੇ ਨਿਸ਼ਾਨ ਨੂੰ ਫਲੈਸ਼ ਕੀਤਾ ਅਤੇ ਕਿਹਾ, "ਜਮਹੂਰੀਅਤ ਦੀ ਜਿੱਤ"। ਉਨ੍ਹਾਂ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਤਾਨਾਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵੀਡੀਓ ਪੋਸਟ ਕਰਨ ਤੋਂ ਥੋੜ੍ਹੀ ਦੇਰ ਪਹਿਲਾਂ ਮਜ਼ਾਰੀ ਦੀ ਧੀ ਨੇ ਟਵੀਟ ਕੀਤਾ ਸੀ ਕਿ ਲਗਭਗ 50 ਹਥਿਆਰਬੰਦ ਪੁਲਸ ਵਾਲੇ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਏ ਸਨ। 

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਨੇ ਟਵਿੱਟਰ 'ਤੇ ਲਿਖਿਆ ਕਿ “ਸਾਡੀ SVP ਡਾਕਟਰ ਸ਼ਿਰੀਨ ਮਜ਼ਾਰੀ ਨੂੰ ਇਸ ਔਖੇ ਸਮੇਂ ਵਿੱਚ ਅਗਵਾ ਕਰ ਲਿਆ ਗਿਆ ਸੀ। ਪੁਲਸ ਹਥਿਆਰਾਂ ਸਮੇਤ ਉਨ੍ਹਾਂ ਦੇ ਘਰ ਦਾਖ਼ਲ ਹੋਈ, ਉਹ ਕਿੰਨੇ ਨੀਵੇਂ ਹੋ ਗਏ ਹਨ। ਮਜ਼ਾਰੀ ਦੀ ਗ੍ਰਿਫ਼ਤਾਰੀ ਅਸਦ ਉਮਰ, ਫਵਾਦ ਚੌਧਰੀ, ਸ਼ਾਹ ਮਹਿਮੂਦ ਕੁਰੈਸ਼ੀ, ਅਲੀ ਮੁਹੰਮਦ ਖਾਨ ਅਤੇ ਸੰਸਦ ਮੈਂਬਰ ਏਜਾਜ਼ ਚੌਧਰੀ ਸਮੇਤ ਕਈ ਹੋਰ ਪੀਟੀਆਈ ਨੇਤਾਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਹੈ। ਖਾਨ ਨੂੰ ਛੱਡ ਕੇ ਇਨ੍ਹਾਂ ਸਾਰੇ ਨੇਤਾਵਾਂ ਨੂੰ ਮੇਨਟੇਨੈਂਸ ਆਫ ਪਬਲਿਕ ਆਰਡਰ (ਐਮਪੀਓ) ਦੀਆਂ ਤਿੰਨ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਪੀਟੀਆਈ ਦੇ ਇੱਕ ਬਿਆਨ ਮੁਤਾਬਕ ਪੰਜਾਬ ਦੀ ਸਾਬਕਾ ਸਿਹਤ ਮੰਤਰੀ ਡਾਕਟਰ ਯਾਸਮੀਨ ਰਾਸ਼ਿਦ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੀਟੀਆਈ ਨੇਤਾ ਅੰਦਾਲੀਬ ਅੱਬਾਸ ਨੇ ਕਿਹਾ ਕਿ ਸਾਬਕਾ ਮੰਤਰੀ ਗ੍ਰਿਫ਼ਤਾਰੀ ਤੋਂ ਬਚਣ ਲਈ ਲੁਕੇ ਹੋਏ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਗ੍ਰੀਨ ਕਾਰਡ ਕੋਟਾ ਖ਼ਤਮ ਕਰਨ 'ਤੇ ਅਮਰੀਕਾ ਕਰ ਰਿਹੈ ਵਿਚਾਰ, ਨਾਗਰਿਕਤਾ ਬਿੱਲ ਪੇਸ਼ 

ਪੁਲਸ ਨੇ ਦੋ ਦਿਨ ਪਹਿਲਾਂ ਉਸ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਸੀ, ਪਰ ਉਸ ਦੇ ਪਤੀ ਦੀ ਸਿਹਤ ਵਿਗੜਨ ਮਗਰੋਂ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ। ਉਸ ਦਾ ਜੀਜਾ ਅਜੇ ਵੀ ਪੁਲਸ ਹਿਰਾਸਤ ਵਿੱਚ ਹੈ। ਯਾਸਮੀਨ ਖ਼ਿਲਾਫ਼ ਲਾਹੌਰ ਕੋਰ ਕਮਾਂਡਰ ਦੀ ਰਿਹਾਇਸ਼ 'ਤੇ ਹਮਲੇ ਸਮੇਤ ਕਈ ਮਾਮਲੇ ਦਰਜ ਹਨ। ਇਮਰਾਨ ਖਾਨ (70) ਨੂੰ ਮੰਗਲਵਾਰ ਨੂੰ ਇਸਲਾਮਾਬਾਦ ਹਾਈ ਕੋਰਟ (ਆਈਐਚਸੀ) ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇੱਕ ਜਵਾਬਦੇਹੀ ਅਦਾਲਤ ਨੇ ਬੁੱਧਵਾਰ ਨੂੰ ਅਲ-ਕਾਦਿਰ ਟਰੱਸਟ ਭ੍ਰਿਸ਼ਟਾਚਾਰ ਮਾਮਲੇ ਵਿੱਚ ਅੱਠ ਦਿਨ ਦੇ ਰਿਮਾਂਡ 'ਤੇ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨਏਬੀ) ਨੂੰ ਸੌਂਪ ਦਿੱਤਾ।

ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਪਾਕਿਸਤਾਨ ਵਿਚ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ ਅਤੇ ਸਰਕਾਰ ਨੂੰ ਇਸਲਾਮਾਬਾਦ ਦੇ ਨਾਲ-ਨਾਲ ਪੰਜਾਬ, ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਦੇ ਸੂਬਿਆਂ ਵਿਚ ਵੀ ਫੌਜ ਤਾਇਨਾਤ ਕਰਨੀ ਪਈ। ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਵਿੱਚ ਕੁਝ ਲੋਕਾਂ ਦੀ ਮੌਤ ਵੀ ਹੋਈ ਹੈ। ਵੀਰਵਾਰ ਨੂੰ ਖਾਨ ਨੂੰ ਵੱਡੀ ਰਾਹਤ ਦਿੰਦੇ ਹੋਏ ਸੁਪਰੀਮ ਕੋਰਟ ਨੇ ਉਸ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਅਤੇ ਉਸ ਦੀ ਤੁਰੰਤ ਰਿਹਾਈ ਦਾ ਹੁਕਮ ਦਿੱਤਾ।  ਇਸ ਦੌਰਾਨ ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਦੇ ਸੁਰੱਖਿਆ ਬਲਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ ਜਦਕਿ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਇਸ ਪੂਰੀ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News