ਏਅਰਪੋਰਟ ''ਤੇ ਵੱਡਾ ਹਾਦਸਾ! ਪੈਰਾਫੀਲਡ ''ਚ ਹੈਂਗਰ ਨਾਲ ਟਕਰਾਇਆ ਜਹਾਜ਼, 2 ਦੀ ਮੌਤ ਤੇ 11 ਜ਼ਖਮੀ

Wednesday, Apr 29, 2026 - 03:36 PM (IST)

ਏਅਰਪੋਰਟ ''ਤੇ ਵੱਡਾ ਹਾਦਸਾ! ਪੈਰਾਫੀਲਡ ''ਚ ਹੈਂਗਰ ਨਾਲ ਟਕਰਾਇਆ ਜਹਾਜ਼, 2 ਦੀ ਮੌਤ ਤੇ 11 ਜ਼ਖਮੀ

ਐਡੀਲੇਡ : ਦੱਖਣੀ ਆਸਟ੍ਰੇਲੀਆ ਦੇ ਐਡੀਲੇਡ 'ਚ ਸਥਿਤ ਪੈਰਾਫੀਲਡ ਹਵਾਈ ਅੱਡੇ 'ਤੇ ਇੱਕ ਜਹਾਜ਼ ਦੇ ਹੈਂਗਰ (Hangar) ਨਾਲ ਟਕਰਾਉਣ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਤੇ 11 ਹੋਰ ਜ਼ਖਮੀ ਹੋ ਗਏ ਹਨ। ਸਥਾਨਕ ਮੀਡੀਆ ਅਨੁਸਾਰ, ਜਹਾਜ਼ ਦੇ ਪਾਇਲਟ ਤੇ ਇੱਕ ਯਾਤਰੀ ਦੀ ਮੌਤ ਹੋ ਗਈ ਹੈ।

ਚੀਫ ਇੰਸਪੈਕਟਰ ਐਂਡਰਿਊ ਮੈਕਕ੍ਰੈਕਨ ਨੇ ਦੱਸਿਆ ਕਿ ਇਹ ਜਹਾਜ਼ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਹਵਾਈ ਅੱਡੇ ਦੇ ਹੈਂਗਰ ਨੰਬਰ 54 ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਨਾਲ ਭਿਆਨਕ ਅੱਗ ਲੱਗ ਗਈ ਅਤੇ ਚਾਰੇ ਪਾਸੇ ਕਾਲਾ ਧੂੰਆਂ ਫੈਲ ਗਿਆ। ਘਟਨਾ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਨੇ ਇਲਾਕੇ ਨੂੰ ਖਾਲੀ ਕਰਵਾ ਲਿਆ। ਮੈਟਰੋਪੋਲੀਟਨ ਫਾਇਰ ਸਰਵਿਸ ਨੇ ਨੇੜਲੇ ਇਲਾਕੇ ਦੇ ਲੋਕਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਆਪਣੇ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ।

ਪੁਲਸ ਅਨੁਸਾਰ ਹਸਪਤਾਲ ਲਿਜਾਏ ਗਏ 11 ਜ਼ਖਮੀਆਂ ਵਿੱਚੋਂ ਇੱਕ ਵਿਅਕਤੀ ਦੀ ਹਾਲਤ ਬਹੁਤ ਨਾਜ਼ੁਕ (ਜਾਨਲੇਵਾ ਸੱਟਾਂ) ਹੈ। ਦੋ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹਨ। ਛੇ ਲੋਕਾਂ ਨੂੰ ਧੂੰਏਂ ਕਾਰਨ ਸਾਹ ਲੈਣ 'ਚ ਤਕਲੀਫ ਹੋਈ ਹੈ। ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਆਸਟ੍ਰੇਲੀਆਈ ਟਰਾਂਸਪੋਰਟ ਸੇਫਟੀ ਬਿਊਰੋ (ATSB) ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ, ਇਹ ਹਾਦਸਾ ਇੱਕ ਦੋ ਇੰਜਣਾਂ ਵਾਲੇ ਡਾਇਮੰਡ DA42 (Diamond DA42) ਜਹਾਜ਼ ਨਾਲ ਵਾਪਰਿਆ ਹੈ। ਪੁਲਸ ਅਤੇ ਸੁਰੱਖਿਆ ਏਜੰਸੀਆਂ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News