ਭਾਰਤੀ-ਅਮਰੀਕੀ ਡਾਕਟਰਾਂ ਦੀ ਵਾਰਨਿੰਗ: ਨਾ ਸੰਭਲਿਆ ਭਾਰਤ ਤਾਂ ਆਵੇਗੀ ''ਕੈਂਸਰ ਦੀ ਸੁਨਾਮੀ''

03/07/2020 1:49:54 PM

ਵਾਸ਼ਿੰਗਟਨ- ਕੈਂਸਰ ਦੇ ਮਰੀਜ਼ਾਂ ਦੇ ਸਫਲ ਇਲਾਜ ਤੇ ਇਸ ਘਾਤਕ ਬੀਮਾਰੀ ਦੇ ਬਾਰੇ ਵਿਚ ਆਪਣੀਆਂ ਅਹਿਮ ਰਿਸਰਚਾਂ ਦੇ ਕਾਰਨ ਦੁਨੀਆਭਰ ਵਿਚ ਮਸ਼ਹੂਰ ਭਾਰਤੀ ਮੂਲ ਦੇ 2 ਡਾਕਟਰਾਂ ਨੇ ਭਾਰਤ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਡਾਕਟਰ ਦੱਤਾਤ੍ਰੇਯੁਡੂ ਨੋਰੀ ਤੇ ਡਾਕਟਰ ਰੇਖਾ ਭੰਡਾਰੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਤੇ ਲੋੜੀਂਦੇ ਕਦਮ ਨਾ ਚੁੱਕੇ ਗਏ ਤਾਂ ਭਾਰਤ ਬਹੁਤ ਜਲਦੀ ਕੈਂਸਰ ਦੀ ਸੁਨਾਮੀ ਦੀ ਗ੍ਰਿਫਤ ਵਿਚ ਹੋਵੇਗਾ।

ਕਈ ਵੱਡੇ ਨੇਤਾਵਾਂ ਦਾ ਸਫਲ ਇਲਾਜ ਕਰਨ ਵਾਲੇ ਡਾਕਟਰ ਦੀ ਚਿਤਾਵਨੀ
ਮੰਨੇ ਹੋਏ ਕੈਂਸਰ ਰੋਗ ਮਾਹਰ ਡਾਕਟਰ ਦੱਤਾਤ੍ਰੇਯੁਡੂ ਨੋਰੀ ਇਸ ਘਾਤਕ ਬੀਮਾਰੀ ਨਾਲ ਪੀੜਤ ਕਈ ਵੱਡੇ ਭਾਰਤੀ ਨੇਤਾਵਾਂ ਦਾ ਇਲਾਜ ਕਰ ਚੁੱਕੇ ਹਨ, ਜਿਹਨਾਂ ਵਿਚ ਸਾਬਕਾ ਰਾਸ਼ਟਰਪਤੀ ਸਵਰਗੀ ਨੀਲਮ ਸੰਜੀਵ ਰੈਡੀ ਵੀ ਸ਼ਾਮਲ ਹਨ। ਡਾਕਟਰ ਰੇਖਾ ਭੰਡਾਰੀ ਦਰਦ ਨਿਵਾਰਕ ਦਵਾਈਆਂ ਦੇ ਖੇਤਰ ਵਿਚ ਆਪਣੇ ਰਿਸਰਚ ਦੇ ਲਈ ਮੰਨੀ ਜਾਂਦੀ ਹੈ। ਦੋਵਾਂ ਨੇ ਦੱਸਿਆ ਕਿ ਹੈਲਥ ਐਜੂਕੇਸ਼ਨ ਤੇ ਰੋਗ ਦੀ ਸ਼ੁਰੂਆਤੀ ਪੜਾਅ ਵਿਚ ਪਛਾਣ ਕਰਨ ਦੀਆਂ ਜ਼ਬਰਦਸਤ ਕੋਸ਼ਿਸ਼ਾਂ ਦੇ ਰਾਹੀਂ ਹੀ ਭਾਰਤ ਨੂੰ ਕੈਂਸਰ ਦੀ ਸੁਨਾਮੀ ਦੀ ਗ੍ਰਿਫਤ ਵਿਚ ਜਾਣ ਤੋਂ ਰੋਕਿਆ ਜਾ ਸਕਦਾ ਹੈ।

ਭਾਰਤ ਵਿਚ ਰੋਜ਼ਾਨਾ 1300 ਲੋਕਾਂ ਦੀ ਹੁੰਦੀ ਹੈ ਕੈਂਸਰ ਕਾਰਨ ਮੌਤ
ਭਾਰਤੀ ਮੂਲ ਦੇ ਦੋਵਾਂ ਡਾਕਟਰਾਂ ਨੇ ਦੱਸਿਆ ਕਿ ਤੁਰੰਤ ਲੋੜੀਂਦੇ ਤੇ ਸਹੀ ਕਦਮ ਨਹੀਂ ਚੁੱਕੇ ਗਏ ਤਾਂ ਉਹਨਾਂ ਦੇ ਜਨਮਸਥਾਨ ਵਾਲਾ ਦੇਸ਼ ਇਸ ਭਿਆਨਕ ਬੀਮਾਰੀ ਦੀ ਸੁਨਾਮੀ ਦੀ ਲਪੇਟ ਵਿਚ ਆ ਸਕਦਾ ਹੈ। ਨੋਰੀ ਨੇ ਪੀਟੀਆਈ ਨੂੰ ਦੱਸਿਆ ਕਿ ਭਾਰਤ ਵਿਚ ਰੋਜ਼ਾਨਾ ਕੈਂਸਰ ਕਾਰਨ 1300 ਲੋਕਾਂ ਦੀ ਮੌਤ ਹੋ ਰਹੀ ਹੈ। ਭਾਰਤ ਵਿਚ ਹਰੇਕ ਸਾਲ ਕੈਂਸਰ ਦੇ ਤਕਰੀਬਨ 12 ਲੱਖ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਹ ਇਸ ਰੋਗ ਦੀ ਜਲਦੀ ਪਛਾਣ ਦੀ ਘੱਟ ਦਰ ਤੇ ਖਰਾਬ ਇਲਾਜ ਵੱਲ ਇਸ਼ਾਰਾ ਕਰਦਾ ਹੈ।

ਨਿਊਯਾਰਕ ਰਹਿਣ ਵਾਲੇ ਭਾਰਤੀ ਮੂਲ ਦੇ ਡਾਕਟਰ ਨੋਰੀ ਨੇ ਕਈ ਚੋਟੀ ਦੇ ਭਾਰਤੀ ਨੇਤਾਵਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਹੈ ਪਰ ਉਹ ਖੁਦ ਨੂੰ ਲੋ-ਪ੍ਰੋਫਾਈਲ ਰੱਖਣਾ ਪਸੰਦ ਕਰਦੇ ਹਨ। ਉਹ ਮੀਡੀਆ ਨਾਲ ਗੱਲਬਾਤ ਕਰਨ ਤੋਂ ਬਚਦੇ ਹਨ। ਉਹਨਾਂ ਨੇ ਕਿਹਾ ਕਿ ਕੈਂਸਰ ਨਾਲ ਭਾਰਤ ਦੇ ਲੋਕਾਂ ਨੂੰ ਸਮਾਜਿਕ ਤੇ ਆਰਥਿਕ ਤੌਰ 'ਤੇ ਗੰਭੀਰ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ। ਇਹ ਬੀਮਾਰੀ ਪੀੜਤ ਪਰਿਵਾਰ ਨੂੰ ਗਰੀਬੀ ਦੀ ਦਲਦਲ ਵਿਚ ਫਸਾ ਦਿੰਦੀ ਹੈ ਤੇ ਸਮਾਜਿਕ ਅਸਮਾਨਤਾ ਨੂੰ ਵਧਾਉਂਦੀ ਹੈ।

2030 ਤੱਕ ਭਾਰਤ ਵਿਚ ਕੈਂਸਰ ਨਾਲ ਸਾਲਾਨਾ 17 ਲੱਖ ਨਵੇਂ ਮਾਮਲਿਆਂ ਦੀ ਭਵਿੱਖਬਾਣੀ
ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ ਦੀ ਭਵਿੱਖਬਾਣੀ ਹੈ ਕਿ 2030 ਤੱਕ ਭਾਰਤ ਵਿਚ ਹਰ ਸਾਲ ਕੈਂਸਰ ਦੇ ਤਕਰੀਬਨ 17 ਲੱਖ ਨਵੇਂ ਮਾਮਲੇ ਸਾਹਮਣੇ ਆਉਣਗੇ। ਨੋਰੀ ਨੇ ਕਿਹਾ ਕਿ ਜੇਕਰ ਅਸੀਂ ਲੋੜੀਂਦੇ ਕਦਮ ਨਾ ਚੁੱਕੇ ਤਾਂ ਕੈਂਸਰ ਸੁਨਾਮੀ ਵਾਂਗ ਹੋ ਜਾਵੇਗਾ। ਮਹਿੰਗੇ ਇਲਾਜ ਵੱਲ ਇਸ਼ਾਰਾ ਕਰਦਿਆਂ ਉਹਨਾਂ ਨੇ ਕਿਹਾ ਕਿ ਭਾਰਤ ਵਿਚ ਜੇਕਰ ਕਿਸੇ ਪਰਿਵਾਰ ਦੇ ਮੈਂਬਰ ਵਿਚ ਕੈਂਸਰ ਦੀ ਪੁਸ਼ਟੀ ਹੁੰਦੀ ਹੈ ਤਾਂ ਅਕਸਰ ਪੂਰਾ ਪਰਿਵਾਰ ਹੀ ਗਰੀਬੀ ਰੇਖਾ ਤੋਂ ਹੇਠਾਂ ਚਲਾ ਜਾਂਦਾ ਹੈ। ਉਹਨਾਂ ਨੇ ਇਸ ਨੂੰ ਭਾਰਤ ਵਿਚ ਪਬਲਿਕ ਹੈਲਥ ਕੇਅਰ ਲਈ ਵੱਡੀ ਚੁਣੌਤੀ ਦੱਸਿਆ ਹੈ।


Baljit Singh

Content Editor

Related News