ਜਾਪਾਨ 'ਚ ਫੁਟਿਆ ਸਕੁਰਾਜਿਮਾ ਜਵਾਲਾਮੁਖੀ, ਦੋ ਸ਼ਹਿਰ ਕਰਵਾਏ ਗਏ ਖਾਲੀ ਅਤੇ ਹਾਈ ਅਲਰਟ ਜਾਰੀ

Monday, Jul 25, 2022 - 12:01 PM (IST)

ਜਾਪਾਨ 'ਚ ਫੁਟਿਆ ਸਕੁਰਾਜਿਮਾ ਜਵਾਲਾਮੁਖੀ, ਦੋ ਸ਼ਹਿਰ ਕਰਵਾਏ ਗਏ ਖਾਲੀ ਅਤੇ ਹਾਈ ਅਲਰਟ ਜਾਰੀ

ਟੋਕੀਓ (ਭਾਸ਼ਾ)- ਜਾਪਾਨ ਦੇ ਮੁੱਖ ਦੱਖਣੀ ਟਾਪੂ ਕਿਊਸ਼ੂ ‘ਤੇ ਜਵਾਲਾਮੁਖੀ ਦੇ ਫੁਟਣ ਕਾਰਨ ਨਾਲ ਲੱਗਦੇ ਦੋ ਸ਼ਹਿਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਦਰਜਨਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਜਵਾਲਾਮੁਖੀ ਦੇ ਫੁਟਣ ਕਾਰਨ ਰਾਤ ਸਮੇਂ ਸੁਆਹ ਅਤੇ ਵੱਡੇ-ਵੱਡੇ ਪੱਥਰ ਨਿਕਲਦੇ ਦੇਖੇ ਗਏ। ਐਤਵਾਰ ਰਾਤ ਕਾਗੋਸ਼ੀਮਾ ਦੇ ਦੱਖਣੀ ਪ੍ਰੀਫੈਕਚਰ ਵਿੱਚ ਸਾਕੁਰਾਜੀਮਾ ਜਵਾਲਾਮੁਖੀ ਤੋਂ ਵੱਡੀਆਂ ਚੱਟਾਨਾਂ 2.5 ਕਿਲੋਮੀਟਰ (1.5 ਮੀਲ) ਦੀ ਦੂਰੀ 'ਤੇ ਡਿੱਗੀਆਂ। ਜਾਪਾਨ ਦੇ ਜਨਤਕ ਟੈਲੀਵਿਜ਼ਨ 'ਐਨਐਚਕੇ' ਫੁਟੇਜ ਵਿੱਚ ਟੋਏ ਦੇ ਨੇੜੇ ਸੰਤਰੀ ਰੰਗ ਦੀਆਂ ਲਾਟਾਂ ਅਤੇ ਪਹਾੜ ਦੀ ਚੋਟੀ ਤੋਂ ਉੱਪਰ ਸੁਆਹ ਦੇ ਨਾਲ ਸੰਘਣਾ ਧੂੰਆਂ ਉੱਠਦਾ ਦਿਖਾਇਆ ਗਿਆ। 

ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਫੁਟਣ ਦੀ ਚਿਤਾਵਨੀ ਨੂੰ ਪੰਜ ਦੇ ਉੱਚੇ ਪੱਧਰ ਤੱਕ ਵਧਾ ਦਿੱਤਾ ਜੋ ਕਿ ਉੱਚ ਪੱਧਰੀ ਚੇਤਾਵਨੀ ਹੈ ਅਤੇ ਜਵਾਲਾਮੁਖੀ ਫੁਟਣ ਕਾਰਨ ਦੋ ਸ਼ਹਿਰਾਂ ਦੇ 51 ਨਿਵਾਸੀਆਂ ਨੂੰ ਆਪਣੇ ਘਰ ਛੱਡਣ ਦੀ ਸਲਾਹ ਦਿੱਤੀ। ਕਾਗੋਸ਼ੀਮਾ ਸਿਟੀ ਨੇ ਰਿਪੋਰਟ ਦਿੱਤੀ ਕਿ ਸੋਮਵਾਰ ਸਵੇਰ ਤੱਕ, ਉਨ੍ਹਾਂ ਵਿੱਚੋਂ 33 ਨੇ ਆਪਣੇ ਘਰ ਛੱਡ ਕੇ ਖੇਤਰ ਵਿੱਚ ਇੱਕ ਸੁਰੱਖਿਅਤ ਜਗ੍ਹਾ 'ਤੇ ਸ਼ਰਨ ਲਈ ਸੀ। ਐਨਐਚਕੇ ਨੇ ਕਿਹਾ ਕਿ ਹੋਰਨਾਂ ਨੂੰ ਹੋਰ ਸਥਾਨਾਂ 'ਤੇ ਭੇਜਿਆ ਜਾ ਸਕਦਾ ਹੈ। ਉਪ ਮੁੱਖ ਕੈਬਨਿਟ ਸਕੱਤਰ ਯੋਸ਼ੀਹਿਕੋ ਇਸੋਜ਼ਾਕੀ ਨੇ ਪੱਤਰਕਾਰਾਂ ਨੂੰ ਦੱਸਿਆ, ''ਅਸੀਂ ਜਾਨਾਂ ਬਚਾਉਣ ਨੂੰ ਪਹਿਲ ਦੇਵਾਂਗੇ ਅਤੇ ਸਥਿਤੀ ਦਾ ਜਾਇਜ਼ਾ ਲੈਣ ਅਤੇ ਕਿਸੇ ਵੀ ਸੰਕਟ ਨਾਲ ਨਜਿੱਠਣ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗੇ।'' 

ਪੜ੍ਹੋ ਇਹ ਅਹਿਮ ਖ਼ਬਰ- 766 ਅਰਬ ਰੁਪਏ ਖਰਚ ਕਰ ਕੇ ਸਾਊਦੀ ਬਣਾ ਰਿਹਾ ਅੱਠਵਾਂ ਅਜੂਬਾ, ਜਾਣੋ 'ਮਿਰਰ ਲਾਈਨ' ਬਾਰੇ

ਉਨ੍ਹਾਂ ਨੇ ਸਥਾਨਕ ਅਧਿਕਾਰੀਆਂ ਨੂੰ ਸਮੇਂ-ਸਮੇਂ 'ਤੇ ਪ੍ਰਾਪਤ ਸੂਚਨਾਵਾਂ 'ਤੇ ਪੂਰਾ ਧਿਆਨ ਦੇਣ ਲਈ ਕਿਹਾ। ਇਸ ਤਬਾਹੀ ਕਾਰਨ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਜਵਾਲਾਮੁਖੀ ਦਾ ਟੋਆ ਸੋਮਵਾਰ ਸਵੇਰੇ ਖ਼ਰਾਬ ਮੌਸਮ ਕਾਰਨ ਲੁਕ ਗਿਆ ਸੀ। ਜੇਐਮਏ ਨੇ ਖੱਡ ਦੇ ਤਿੰਨ ਕਿਲੋਮੀਟਰ ਦੇ ਅੰਦਰ ਜਵਾਲਾਮੁਖੀ ਚੱਟਾਨਾਂ ਦੇ ਡਿੱਗਣ ਅਤੇ ਦੋ ਕਿਲੋਮੀਟਰ ਦੇ ਅੰਦਰ ਲਾਵਾ, ਸੁਆਹ ਅਤੇ ਗੈਸ ਦੇ ਸੰਭਾਵਿਤ ਵਹਾਅ ਦੀ ਚੇਤਾਵਨੀ ਦਿੱਤੀ ਹੈ। ਸਾਕੁਰਾਜੀਮਾ ਟੋਕੀਓ ਤੋਂ ਲਗਭਗ 1,000 ਕਿਲੋਮੀਟਰ ਦੱਖਣ-ਪੱਛਮ ਵਿੱਚ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News