ਅਰਜਨਟੀਨਾ ''ਚ ਮੰਕੀਪਾਕਸ ਦੇ 2 ਮਾਮਲੇ ਆਏ ਸਾਹਮਣੇ
Saturday, May 28, 2022 - 05:18 PM (IST)

ਬਿਊਨਸ ਆਇਰਸ (ਏਜੰਸੀ) : ਅਰਜਨਟੀਨਾ ਵਿੱਚ ਸ਼ੁੱਕਰਵਾਰ ਨੂੰ ਮੰਕੀਪਾਕਸ ਦੇ 2 ਮਾਮਲੇ ਸਾਹਮਣੇ ਆਏ। ਦੋਵੇਂ ਮਾਮਲੇ ਹਾਲ ਹੀ ਵਿਚ ਸਪੇਨ ਤੋਂ ਅਰਜਨਟੀਨਾ ਪਹੁੰਚੇ 2 ਵਿਅਕਤੀਆਂ ਵਿੱਚ ਦਰਜ ਕੀਤੇ ਗਏ ਹਨ, ਜਿਸ ਨਾਲ ਲਾਤੀਨੀ ਅਮਰੀਕਾ ਵਿੱਚ ਪਹਿਲੀ ਵਾਰ ਇਸ ਲਾਗ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ।
ਅਰਜਨਟੀਨਾ ਦੇ ਸਿਹਤ ਮੰਤਰਾਲਾ ਨੇ ਪਹਿਲਾਂ ਬਿਊਨਸ ਆਇਰਸ ਦੇ ਇੱਕ ਵਿਅਕਤੀ ਦੇ ਮੰਕੀਪਾਕਸ ਨਾਲ ਸੰਕਰਮਿਤ ਹੋਣ ਦੀ ਗੱਲ ਕਹੀ ਸੀ। ਇਹ ਵਿਅਕਤੀ ਹਾਲ ਹੀ ਵਿੱਚ ਸਪੇਨ ਤੋਂ ਵਾਪਸ ਆਇਆ ਸੀ। ਮੰਤਰਾਲਾ ਨੇ ਬਾਅਦ ਵਿੱਚ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਅਰਜਨਟੀਨਾ ਆਏ ਸਪੇਨ ਦੇ ਇਕ ਨਾਗਰਿਕ ਵਿਚ ਵੀ ਮੰਕੀਪਾਕਸ ਦੀ ਲਾਗ ਦੀ ਪੁਸ਼ਟੀ ਹੋਈ ਹੈ।
ਅਧਿਕਾਰੀਆਂ ਨੇ ਸੰਕਰਮਿਤਾਂ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮੰਤਰਾਲਾ ਅਨੁਸਾਰ ਸਪੇਨ ਤੋਂ ਪਰਤੇ ਦੋਵਾਂ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਜੇ ਤੱਕ ਕਿਸੇ ਵਿਚ ਲਾਗ ਦੇ ਲੱਛਣ ਸਾਹਮਣੇ ਨਹੀਂ ਆਏ ਹਨ।