ਕੋਰੋਨਾ ਕਾਰਨ ਲਾਕਡਾਊਨ ਦਾ ਐਲਾਨ ਕਰਨਾ ਗ੍ਰਹਿ ਮੰਤਰੀ ਨੂੰ ਪਿਆ ਮਹਿੰਗਾ, ਦੇਣਾ ਪਿਆ ਅਸਤੀਫਾ
Monday, Apr 13, 2020 - 10:18 AM (IST)

ਇਸਤਾਂਬੁਲ- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੁਨੀਆ ਭਰ ਦੇ ਦੇਸ਼ਾਂ ਵਿਚ ਸਰਕਾਰਾਂ ਨੂੰ ਸਖਤ ਫੈਸਲੇ ਲੈਣੇ ਪੈ ਰਹੇ ਹਨ। ਕਿਤੇ-ਕਿਤੇ ਇਨ੍ਹਾਂ ਦੀ ਕਾਫੀ ਆਲੋਚਨਾ ਵੀ ਹੋ ਰਹੀ ਹੈ। ਅਜਿਹੀ ਹੀ ਆਲੋਚਨਾ ਦੇ ਬਾਅਦ ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਉਲੂ ਨੇ ਐਤਵਾਰ ਰਾਤ ਆਪਣਾ ਅਸਤੀਫਾ ਦੇ ਦਿੱਤਾ। ਸੋਉਲੂ ਤੁਰਕੀ ਦੇ ਰਾਸ਼ਟਰਪਤੀ ਰੀਸਪ ਤੈਇਪੇ ਐਰਦੋਗਨ ਦੀ ਸਰਕਾਰ ਵਿਚ ਇਕ ਉੱਚ ਮੰਤਰੀ ਹਨ।
ਟਵਿੱਟਰ 'ਤੇ ਪੋਸਟ ਕੀਤੇ ਬਿਆਨ ਵਿਚ ਉਨ੍ਹਾਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਅਸਲ ਵਿਚ ਅੰਦਰੂਨੀ ਮਾਮਲਿਆਂ ਦੇ ਮੰਤਰੀ ਸੋਉਲੂ ਨੇ ਸ਼ੁੱਕਰਵਾਰ ਰਾਤ ਨੂੰ ਦੋ ਘੰਟੇ ਪਹਿਲਾਂ ਹੀ ਘੋਸ਼ਣਾ ਕੀਤੀ ਕਿ 31 ਸ਼ਹਿਰਾਂ ਵਿਚ 48 ਘੰਟਿਆਂ ਦਾ ਲਾਕਡਾਊਨ ਰਹੇਗਾ।
ਅਜਿਹੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਘਰਾਂ ਵਿਚੋਂ ਭੱਜ ਕੇ ਦੁਕਾਨਾਂ 'ਤੇ ਪੁੱਜ ਗਏ, ਤਾਂ ਕਿ ਉਹ ਜ਼ਰੂਰੀ ਸਮਾਨ ਇਕੱਠਾ ਕਰ ਸਕਣ ਕਿਉਂਕਿ ਗ੍ਰਹਿ ਮੰਤਰੀ ਨੇ ਦੋ ਘੰਟੇ ਪਹਿਲਾਂ ਹੀ ਇਹ ਘੋਸ਼ਣਾ ਕੀਤੀ ਸੀ ਤੇ ਲੋਕਾਂ ਨੂੰ ਭਾਜੜ ਪੈ ਗਈ। ਇਸ ਦੌਰਾਨ ਕਈ ਲੋਕਾਂ ਨੇ ਚਿਹਰੇ 'ਤੇ ਮਾਸਕ ਵੀ ਨਹੀਂ ਲਗਾਏ ਸਨ। ਇਸ ਫੈਸਲੇ ਨੂੰ ਲੈ ਕੇ ਸਰਕਾਰ ਦੀ ਨਿੰਦਾ ਸ਼ੁਰੂ ਹੋ ਗਈ ਅਤੇ ਆਖਰ ਵਿਚ ਸੋਉਲੂ ਨੇ ਖੁਦ ਪੂਰੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇਣ ਦਾ ਫੈਸਲਾ ਕੀਤਾ। ਹਾਲਾਂਕਿ ਤੁਰਕੀ ਦੇ ਰਾਸ਼ਟਰਪਤੀ ਨੇ ਗ੍ਰਹਿ ਮੰਤਰੀ ਦਾ ਅਸਤੀਫਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਤੁਰਕੀ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ 11 ਮਾਰਚ ਨੂੰ ਸਾਹਮਣੇ ਆਇਆ ਸੀ ਤੇ ਹੁਣ ਲਗਭਗ ਇਕ ਮਹੀਨੇ ਮਗਰੋਂ ਤੁਰਕੀ ਵਿਚ ਕੋਵਿਡ-19 ਵਾਇਰਸ ਦੇ ਕੁੱਲ 56 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਨਾਲ 1,198 ਲੋਕਾਂ ਦੀ ਮੌਤ ਹੋ ਗਈ ਹੈ।