ਤੁਰਕੀ ''ਚ ਭਿਆਨਕ ਤੂਫ਼ਾਨ ਦਾ ਕਹਿਰ ! 5 ਲੋਕਾਂ ਦੀ ਮੌਤ, ਕਈ ਸੂਬਿਆਂ ''ਚ ਅਲਰਟ ਜਾਰੀ
Saturday, Jan 10, 2026 - 11:56 AM (IST)
ਇੰਟਰਨੈਸ਼ਨਲ ਡੈਸਕ- ਪਿਛਲੇ 2 ਦਿਨਾਂ ਦੌਰਾਨ ਆਏ ਭਿਆਨਕ ਤੂਫ਼ਾਨ ਅਤੇ ਤੇਜ਼ ਹਵਾਵਾਂ ਨੇ ਤੁਰਕੀ 'ਚ ਕਹਿਰ ਢਾਹਿਆ ਹੋਇਆ ਹੈ। ਇਸ ਦੌਰਾਨ ਉੱਥੇ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਹੈ। ਰਿਪੋਰਟਾਂ ਅਨੁਸਾਰ ਦੇਸ਼ ਦੇ ਕਈ ਹਿੱਸਿਆਂ ਵਿੱਚ ਕੁਦਰਤ ਦਾ ਕਹਿਰ ਹਾਲੇ ਜਾਰੀ ਹੈ।
ਮੌਸਮ ਵਿਗਿਆਨ ਵਿਭਾਗ ਨੇ ਤੂਫ਼ਾਨ, ਭਾਰੀ ਮੀਂਹ ਅਤੇ ਬਰਫ਼ਬਾਰੀ ਦੇ ਖ਼ਤਰੇ ਨੂੰ ਮੁੱਖ ਰੱਖਦਿਆਂ ਵੀਰਵਾਰ ਨੂੰ ਦੇਸ਼ ਦੇ 81 ਵਿੱਚੋਂ 63 ਸੂਬਿਆਂ ਲਈ 'ਯੈਲੋ ਅਲਰਟ' ਜਾਰੀ ਕੀਤਾ ਸੀ। ਸ਼ੁੱਕਰਵਾਰ ਨੂੰ ਵੀ ਕਈ ਸ਼ਹਿਰਾਂ ਵਿੱਚ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ। ਪ੍ਰਾਪਤ ਜਾਣਕਾਰੀ ਅਨੁਸਾਰ, ਇਨ੍ਹਾਂ ਮੌਤਾਂ ਦਾ ਮੁੱਖ ਕਾਰਨ ਛੱਤਾਂ ਦਾ ਡਿੱਗਣਾ ਰਿਹਾ ਹੈ।
ਆਉਣ ਵਾਲੇ ਸਮੇਂ ਲਈ ਚੇਤਾਵਨੀ ਦਿੰਦੇ ਹੋਏ, ਮੌਸਮ ਵਿਗਿਆਨੀਆਂ ਨੇ ਸ਼ਨੀਵਾਰ ਲਈ ਵੀ ਦੇਸ਼ ਦੇ ਅੱਧੇ ਤੋਂ ਵੱਧ ਸੂਬਿਆਂ ਵਿੱਚ ਮੁੜ 'ਯੈਲੋ ਅਲਰਟ' ਜਾਰੀ ਕਰ ਦਿੱਤਾ ਹੈ ਤਾਂ ਜੋ ਲੋਕ ਸਾਵਧਾਨ ਰਹਿ ਸਕਣ।
