ਪਾਕਿ-ਇਰਾਨ-ਤੁਰਕੀ ਵਿਚਾਲੇ 4 ਮਾਰਚ ਤੋਂ ਸ਼ੁਰੂ ਹੋਵੇਗੀ ਰੇਲ ਯਾਤਰਾ

Monday, Mar 01, 2021 - 06:22 PM (IST)

ਇਸਲਾਮਬਾਦ (ਭਾਸ਼ਾ): ਤੁਰਕੀ ਅਤੇ ਪਾਕਿਸਤਾਨ ਵਿਚਾਲੇ 9 ਸਾਲ ਦੇ ਅੰਤਰਾਲ ਦੇਬਾਅਦ ਰੇਲ ਸੇਵਾ ਮੁੜ ਸ਼ੁਰੂ ਹੋਣ ਵਾਲੀ ਹੈ। ਰਿਪੋਰਟਾਂ ਮੁਤਾਬਕ ਮਾਲ ਗੱਡੀ 4 ਮਾਰਚ ਤੋਂ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਤੋਂ ਆਪਣੀ ਯਾਤਰਾ ਸ਼ੁਰੂ ਕਰ ਕੇ ਈਰਾਨ ਤੋਂ ਹੁੰਦੇ ਹੋਏ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਦ ਪਹੁੰਚੇਗੀ। ਇਸ ਰੇਲ ਸੇਵਾ ਦੇ ਸ਼ੁਰੂ ਹੋਣ ਦੇ ਬਾਅਦ ਤੁਰਕੀ, ਈਰਾਨ ਅਤੇ ਪਾਕਿਸਤਾਨ ਵਿਚਾਲੇ ਸੰਪਰਕ ਹੋਰ ਮਜ਼ਬੂਤ ਹੋਵੇਗਾ।

ਪਾਕਿਸਤਾਨ ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਪਾਕਿਸਤਾਨ ਦੇ ਪ੍ਰਮੁੱਖ ਅਖ਼ਬਾਰ ਡਾਨ ਨਾਲ ਗੱਲਬਾਤ ਵਿਚ ਕਿਹਾ,''ਸਾਨੂੰ ਦੱਸਿਆ ਗਿਆ ਹੈਕਿ ਮਾਲ ਗੱਡੀ 4 ਮਾਰਚ ਨੂੰ ਤੁਰਕੀ ਦੇ ਇਸਤਾਂਬੁਲ ਤੋਂ ਇਸਲਾਮਾਬਾਦ ਲਈ ਆਪਣੀ ਯਾਤਰਾ ਸ਼ੁਰੂ ਕਰ ਸਕਦੀ ਹੈ। ਇਕ ਜਾਂ ਦੋ ਦਿਨ ਵਿਚ ਰੇਲਗੱਡੀ ਦੇ ਚੱਲਣ ਦੀ ਤਾਰੀਖ਼ ਦੀ ਪੁਸ਼ਟੀ ਹੋ ਜਾਵੇਗੀ। ਫਿਲਹਾਲ ਜਿਹੜੀ ਜਾਣਕਾਰੀ ਹੈ ਉਸ ਦੇ ਹਿਸਾਬ ਨਾਲ ਰੇਲ 4 ਮਾਰਚ ਨੂੰ ਹੀ ਇਸਤਾਂਬੁਲ ਤੋਂ ਰਵਾਨਾ ਹੋਵੇਗੀ।'' ਅਧਿਕਾਰੀ ਨੇ ਕਿਹਾ ਕਿਉਂਕਿ ਰੇਲਗੱਡੀ ਇਕ ਪਾਸੇ ਦਾ ਸਫਰ ਪੂਰਾ ਕਰਨ ਵਿਚ 12 ਦਿਨ ਲਗਾਏਗੀ ਤਾਂ ਸਾਨੂੰ ਲੱਗਦਾ ਹੈ ਕਿ ਰੇਲਗੱਡੀ 16 ਮਾਰਚ ਨੂੰ ਇਸਲਾਮਾਬਾਦ ਪਹੁੰਚੇਗੀ।

ਪਾਕਿਸਤਾਨ ਦੇ ਰੇਲ ਮੰਤਰੀ ਆਜ਼ਮ ਖਾਨ ਨੇ ਦੱਸਿਆ ਕਿ ਤੁਰਕੀ ਤੋਂ ਚੱਲ ਕੇ ਰੇਲਗੱਡੀ 16 ਮਾਰਚ ਨੂੰ ਪਾਕਿਸਤਾਨ ਪਹੁੰਚੇਗੀ। ਰਿਪੋਰਟ ਮੁਤਾਬਕ ਇਸ ਟ੍ਰੇਨ ਨੂੰ ਈ.ਸੀ.ਓ. ਰੇਲਗੱਡੀ ਦਾ ਨਾਮ ਦਿੱਤਾ ਗਿਆ ਹੈ। ਇਹ ਰੇਲਗੱਡੀ ਹਰ ਮਹੀਨੇ ਦੇ ਪਹਿਲੇ ਹਫ਼ਤੇ ਦੇ ਵੀਰਵਾਰ ਨੂੰ ਨਿਯਮਿਤ ਤੌਰ 'ਤੇ ਚਲਾਈ ਜਾਵੇਗੀ। ਰੇਲਗੱਡੀ ਦੀ ਲੰਬਾਈ 420 ਮੀਟਰ ਹੋਵੇਗੀ ਅਤੇ ਇਸ ਵਿਚ 750 ਟਨ ਸਾਮਾਨ ਲਿਜਾਣ ਦੀ ਇਜਾਜ਼ਤ ਹੋਵੇਗੀ। ਪਾਕਿਸਤਾਨ ਰੇਲਵੇ ਦੇ ਚੀਫ ਮਾਰਕੀਟਿੰਗ ਮੈਨੇਜਰ ਕਾਸ਼ਿਫ ਯੁਸਫਾਨੀ ਨੇ ਦੱਸਿਆ ਕਿ ਤੁਰਕੀ ਤੋਂ ਈਰਾਨ ਅਤੇ ਪਾਕਿਸਤਾਨ ਲਈ 24 ਕੰਟੇਨਰ ਲੈ ਕੇ ਜਾ ਰਹੇ ਕਾਰਗੋ ਦੀ ਬੁਕਿੰਗ ਪਹਿਲਾਂ ਹੀ ਹੋ ਚੁੱਕੀ ਹੈ।

ਪਿਛਲੇ ਸਾਲ ਦਸੰਬਰ ਮਹੀਨੇ ਵਿਚ ਤੁਰਕੀ, ਈਰਾਨੀ ਤੇ ਪਾਕਿਸਤਾਨੀ ਅਧਿਕਾਰੀਆਂ ਵਿਚਾਲੇ ਇਸਤਾਂਬੁਲ-ਤੇਹਰਾਨ-ਇਸਲਾਮਾਬਾਦ (ਆਈ.ਟੀ.ਆਈ.) ਰੇਲ ਨੈੱਟਵਰਕ ਨੂੰ ਮੁੜ ਚਾਲੂ ਕਰਨ 'ਤੇ ਸਹਿਮਤੀ ਬਣੀ ਸੀ। ਪਾਕਿਸਤਾਨ ਰੇਲਵੇ ਦੇ ਰਿਕਾਰਡ ਮੁਤਾਬਕ ਇਸਲਾਮਾਬਾਦ ਅਤੇ ਇਸਤਾਂਬੁਲ ਦੇ ਵਿਚ ਪਹਿਲੀ ਰੇਲਗੱਡੀ 14 ਅਗਸਤ, 2009 ਵਿਚ ਚੱਲੀ ਸੀ। ਇਸੇ ਤਰ੍ਹਾਂ ਇਸਤਾਂਬੁਲ ਤੋਂ ਇਸਲਾਮਾਬਾਦ ਡ੍ਰਾਈਪੋਰਟ ਲਈ ਪਹਿਲੀ ਰੇਲਗੱਡੀ 13 ਅਗਸਤ 2010 ਨੂੰ ਚੱਲੀ ਸੀ। 2009 ਵਿਚ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਦੇ ਬਾਅਦ ਤੋਂ ਪਾਕਿਸਤਾਨ ਅਤੇ ਤੁਰਕੀ ਵਿਚ 8 ਰੇਲਗੱਡੀਆਂ ਚਲਾਈਆਂ ਗਈਆਂ ਸਨ। 5 ਨਵੰਬਰ, 2011 ਨੂੰ ਲਾਹੌਰ ਡ੍ਰਾਈਪੋਰਟ ਤੋਂ ਆਖਰੀ ਵਾਰ ਤੁਰਕੀ ਲਈ ਰੇਲਗੱਡੀ ਰਵਾਨਾ ਹੋਈ ਸੀ। ਇਸ ਮਗਰੋਂ ਸੁਰੱਖਿਆ ਕਾਰਨਾਂ ਕਰਕੇ ਇਹਨਾਂ ਰੇਲਗੱਡੀਆਂ ਦਾ ਸੰਚਾਲਨ ਬੰਦ ਕਰ ਦਿੱਤਾ ਗਿਆ ਸੀ। 

ਇਹ ਰੇਲਗੱਡੀਆਂ ਤਿੰਨੇ ਦੇਸ਼ਾਂ ਵਿਚ ਕਰੀਬ 6500 ਕਿਲੋਮੀਟਰ ਦਾ ਸਫਰ ਤੈਅ ਕਰਨਗੀਆਂ। ਇਸ ਰੇਲ ਲਾਈਨ ਦਾ 1950 ਕਿਲੋਮੀਟਰ ਹਿੱਸਾ ਤੁਰਕੀ ਤੋਂ, 2600 ਕਿਲੋਮੀਟਰ ਈਰਾਨ ਤੋਂ ਅਤੇ 1990 ਕਿਲੋਮੀਟਰ ਪਾਕਿਸਤਾਨ ਤੋਂ ਲੰਘੇਗਾ। ਇਹ ਚੀਨ ਦੇ ਅਭਿਲਾਸ਼ੀ ਪ੍ਰਾਜੈਕਟ ਬੈਲਟ ਐਂਡ ਰੋਡ ਇਨੀਸ਼ੀਏਟਿਵ ਦਾ ਹਿੱਸਾ ਨਹੀਂ ਹੈ ਪਰ ਵਿਸ਼ਲੇਸ਼ਕ ਇਸ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰਦੇ ਹਨ। ਤੁਰਕੀ ਅਤੇ ਪਾਕਿਸਤਾਨ ਅਤੇ ਈਰਾਨ ਦੀ ਨੇੜਤਾ ਭਾਰਤ ਲਈ ਵੀ ਚਿੰਤਾ ਦਾ ਵਿਸ਼ਾ ਹੈ। ਭਾਰਤ ਖ਼ਿਲਾਫ਼ ਤੁਰਕੀ ਅਤੇ ਪਾਕਿਸਤਾਨ ਦੀ ਜੁਗਲਬੰਦੀ ਪੂਰੀ ਦੁਨੀਆ ਜਾਣਦੀ ਹੈ। 


Vandana

Content Editor

Related News