ਭਾਰਤੀ ਮੁਸਲਮਾਨਾਂ ਨੂੰ ਕੱਟੜਪੰਥੀ ਬਣਾਉਣ ਲਈ ਆਈ. ਐੱਸ. ਨੂੰ ਫੰਡਿੰਗ ਕਰ ਰਿਹੈ ਤੁਰਕੀ
Sunday, Aug 16, 2020 - 11:58 AM (IST)
ਅੰਕਾਰਾ, (ਵਿਸ਼ੇਸ਼)-ਭਾਰਤੀ ਮੁਸਲਮਾਨਾਂ ਨੂੰ ਕੱਟੜਪੰਥੀ ਬਣਾਉਣ ਲਈ ਤੁਰਕੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.) ਨੂੰ ਫੰਡਿੰਗ ਕਰ ਰਿਹਾ ਹੈ। ਇਕ ਭਾਰਤੀ ਸੁਰੱਖਿਆ ਰਿਪੋਰਟ ਮੁਤਾਬਕ, ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਪ ਏਰਦੋਗਨ ਨੇ ਆਈ. ਐੱਸ. ਨੂੰ ਭਾਰੀ ਪੈਸਾ ਵੰਡਿਆ ਹੈ।
ਤੁਰਕੀ ਭਾਰਤ ਵਿਰੋਧੀ ਸਰਗਰਮੀਆਂ ’ਚ ਬਹੁਤ ਜ਼ਿਆਦਾ ਅੰਦਰ ਤੱਕ ਦਾਖਲ ਹੋ ਚੁੱਕਾ ਹੈ। ਕੇਰਲ ਦੇ ਕੱਟੜਪੰਥੀ ਮੁਸਲਿਮ ਸੰਗਠਨਾਂ ਅਤੇ ਕਸ਼ਮੀਰ ਦੇ ਵੱਖਵਾਦੀਆਂ ਨਾਲ ਮਿਲਕੇ ਤੁਰਕੀ ਭਾਰਤੀ ਵਿਰੋਧੀ ਏਜੰਡੇ ਨੂੰ ਅੰਜ਼ਾਮ ਦੇ ਰਿਹਾ ਹੈ।
ਤੁਰਕੀ ਦੀ ਸਰਕਾਰ ਕੇਰਲ ’ਚ ਕੱਟੜ ਇਸਲਾਮ ਨੂੰ ਹੱਲਾਸ਼ੇਰੀ ਦੇਣ ਲਈ 40-40 ਲੱਖ ਦੀ ਫੰਡਿੰਗ ਕਰ ਰਹੀ ਹੈ। ਇਸ ਤੋਂ ਇਲਾਵਾ ਕਸ਼ਮੀਰ ’ਚ ਵੀ ਵੱਖਵਾਦ ਨੂੰ ਵਧਾਉਣ ਲਈ ਫੰਡਿੰਗ ਕੀਤੀ ਜਾ ਰਹੀ ਹੈ।
ਰਿਪਰੋਟ ’ਚ ਕਿਹਾ ਗਿਆ ਹੈ ਕਿ ਤੁਰਕੀ ਆਈ. ਐੱਸ. ਅਤੇ ਉਸਦੇ ਸਹਿਯੋਗੀਆਂ ਨੂੰ ਸੀਰੀਆ ’ਚ ਸਪੌਂਸਰ ਕਰ ਰਿਹਾ ਹੈ। ਭਾਰਤੀ ਸੁਰੱਖਿਆ ਅਧਿਕਾਰੀ ਉਨ੍ਹਾਂ ਰਿਪੋਰਟਾਂ ਸਬੰਧੀ ਵੀ ਚਿੰਤਤ ਹਨ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਤੁਰਕੀ ਆਪਣੇ ਮਨਸੂਬੇ ਪੂਰੇ ਕਰਨ ਲਈ ਪਾਕਿਸਤਾਨ ਦੀ ਮਦਦ ਲੈ ਰਿਹਾ ਹੈ। ਏਰਦੋਗਨ ਨੇ ਮੁਸਲਿਮ ਸੰਸਥਾਨਾਂ ਦੇ ਨਾਲ-ਨਾਲ ਅੱਤਵਾਦ ਦਾ ਇਸਤੇਮਾਲ ਕਰਦੇ ਹੋਏ ਆਪਣੇ ਏਜੰਡੇ ਨੂੰ ਅੱਗੇ ਵਧਾਇਆ ਹੈ। ਤੁਰਕੀ ਦੀ ਧਾਰਮਿਕ ਸੰਸਥਾ ਡਾਇਨੇਟ ਨੇ ਪਹਿਲਾਂ ਹੀ ਆਪਣੀਆਂ ਸਰਗਰਮੀਆਂ ਰਾਹੀਂ ਭਾਰਤ ’ਚ ਲੋੜੀਂਦੀ ਹਾਜ਼ਰੀ ਦਰਜ ਕੀਤੀ ਹੈ ਅਤੇ ਹੁਣ ਏਰਦੋਗਨ ਨੇ ਆਈ. ਐੱਸ. ਅੱਤਵਾਦੀਆਂ ਨੂੰ ਫੰਡਿੰਗ ਕਰ ਕੇ ਭਾਰਤ ਦੀ ਪ੍ਰੇਸ਼ਾਨੀ ਹੋਰ ਵਧਾ ਦਿੱਤੀ ਹੈ। ਅਧਿਕਾਰਕ ਤੌਰ ’ਤੇ ਇਨ੍ਹਾਂ ਘਟਨਾਚੱਕਰਾਂ ਤੋਂ ਜਾਣੂ ਹੋਣ ਤੋਂ ਬਾਅਦ ਭਾਰਤ ਚੌਕਸ ਹੋ ਗਿਆ ਹੈ।
ਤੁਰਕੀ ਜ਼ਿਆਦਾਤਰ ਤਾਲਿਬਾਨੀ ਮਦਰਸਿਆਂ ’ਚ ਕੰਮਕਾਜੀ ਧਾਰਮਿਕ ਪ੍ਰਣਾਲੀ ਦੀ ਨਕਲ ਕਰ ਰਿਹਾ ਹੈ। ਏਰਦੋਗਨ ਨੇ ਧਾਰਮਿਕ ਅਥਾਰਿਟੀ ਡਾਇਨੇਟ ਨੂੰ ਪੁਨਰਗਠਿਤ ਕਰ ਕੇ ਇਕ ਵੱਡਾ ਬਜਟ ਦਿੱਤਾ ਹੈ। ਇਹੋ ਨਹੀਂ, ਇਮਾਮਾਂ ਨੂੰ ਤਨਖਾਹ ਅਤੇ ਹੋਰ ਲਾਭ ਵੀ ਦਿੱਤੇ ਹਨ।
ਸੁਰੱਖਿਆ ਮਾਹਰਾਂ ਨੇ ਦਿੱਤੀ ਚਿਤਾਵਨੀ
ਸੁਰੱਖਿਆ ਮਾਹਰਾਂ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਤੁਰਕੀ ਦੀ ਰਣਨੀਤੀ ਨੂੰ ਹਲਕੇ ’ਚ ਨਾ ਲਵੇ। ਤੁਰਕੀ ਪਾਕਿਸਤਾਨ ਦੇ ਮੁਕਾਬਲੇ ਆਰਥਿਕ ਰੂਪ ਨਾਲ ਜ਼ਿਆਦਾ ਮਜ਼ਬੂਤ ਹੈ। ਅਜਿਹੇ ’ਚ ਉਹ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਉਹ ਆਪਣੀ ਵੱਡੀ ਆਬਾਦੀ ਨੂੰ ਕੱਟੜ ਹੋਣ ਤੋਂ ਬਚਾਉਣਾ ਹੈ ਤਾਂ ਉਹ ਅੱਤਵਾਦੀ ਸੰਗਠਨ ਆਈ. ਐੱਸ. ’ਤੇ ਧਿਆਨ ਰੱਖੇ ਅਤੇ ਉਨ੍ਹਾਂ ਦੇ ਦੇਸ਼ ’ਚ ਦਾਖਲ ਹੋਣ ਦੇ ਸਾਰੇ ਰਸਤੇ ਬੰਦ ਕਰ ਦੇਵੇ।