ਤੁਰਕੀ ਦਾ ਸਾਊਦੀ ਅਰਬ ਨੂੰ ਵੱਡਾ ਸਵਾਲ: ਕਿਥੇ ਹੈ ਖਸ਼ੋਗੀ ਦੀ ਲਾਸ਼?
Friday, Oct 26, 2018 - 07:10 PM (IST)
ਅੰਕਾਰਾ— ਤੁਰਕੀ ਦੇ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸਤਾਂਬੁੱਲ ਸਥਿਤ ਦੂਤਘਰ 'ਚ ਪੱਤਰਕਾਰ ਜਮਾਲ ਦੀ ਹੱਤਿਆ ਕਰਨ ਵਾਲੇ ਸਾਊਦੀ ਅਰਬ ਦੇ ਅਧਿਕਾਰੀਆਂ ਨੂੰ ਇਹ ਬੇਸ਼ੱਕ ਖੁਲਾਸਾ ਕਰਨਾ ਚਾਹੀਦਾ ਹੈ ਕਿ ਖਸ਼ੋਗੀ ਦਾ ਲਾਸ਼ ਕਿਥੇ ਹੈ। ਇਸ ਮਾਮਲੇ 'ਚ ਸਾਊਦੀ ਸਰਕਾਰ ਜਿਸ ਤਰ੍ਹਾਂ ਨਾਲ ਕੰਮ ਕਰ ਰਹੀ ਹੈ, ਉਸ ਦੀ ਤੁਰਕੀ ਨੇ ਤਿੱਖੀ ਨਿੰਦਾ ਕੀਤੀ ਹੈ।
ਰਾਸ਼ਟਰਪਤੀ ਰਜਬ ਤੈਯਬ ਏਦ੍ਰੋਆਨ ਨੇ ਇਹ ਵੀ ਕਿਹਾ ਕਿ ਸਾਊਦੀ ਅਰਬ ਦੀ ਮੁੱਖ ਪ੍ਰੋਸੀਕਿਊਟਰ ਜਾਂਚ ਦੇ ਤਹਿਤ ਐਤਵਾਰ ਨੂੰ ਤੁਰਕੀ ਪਹੁੰਚਣਗੇ ਤੇ ਤੁਰਕੀ ਆਪਣੇ ਹਮਰੁਤਬਾ ਅਧਿਕਾਰੀਆਂ ਨਾਲ ਮਿਲਣਗੇ। ਸਾਊਦੀ ਪ੍ਰੋਸੀਕਿਊਟਰ ਨੇ ਵੀਰਵਾਰ ਨੂੰ ਕਿਹਾ ਕਿ ਖਸ਼ੋਗੀ ਦੀ ਹੱਤਿਆ ਪਲਾਨ ਕੀਤੀ ਹੋਈ ਸੀ। ਏਦ੍ਰੋਆਨ ਨੇ ਕਿਹਾ ਕਿ ਦੋ ਅਕਤੂਬਰ ਨੂੰ ਦੂਤਘਰ 'ਚ ਦਾਖਲ ਹੋਣ ਤੋਂ ਬਾਅਦ ਖਸ਼ੋਗੀ ਦੀ ਹੱਤਿਆ ਬਾਰੇ ਤੁਰਕੀ ਕੋਲ ਜਾਣਕਾਰੀ ਤੇ ਸਬੂਤ ਹਨ ਅਤੇ ਉਹ ਉਸ ਦਾ ਖੁਲਾਸਾ ਕਰੇਗਾ। ਉਨ੍ਹਾਂ ਨੇ ਸੰਕੇਤ ਦਿੱਤਾ ਤੁਰਕੀ ਸਾਊਦੀ 'ਤੇ ਦਬਾਅ ਬਣਾਉਣ ਲਈ ਤਿਆਰ ਹੈ।
ਏਦ੍ਰੋਆਨ ਨੇ ਤੁਰਕੀ ਦੇ ਸੱਤਾਧਾਰੀ ਦਲ ਦੇ ਨੇਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਸਪੱਸ਼ਟ ਹੈ ਕਿ ਉਨ੍ਹਾਂ ਦੀ ਹੱਤਿਆ ਹੋਈ ਹੈ ਪਰ ਲਾਸ਼ ਕਿਥੇ ਹੈ। ਤੁਹਾਨੂੰ ਲਾਸ਼ ਦਿਖਾਉਣੀ ਪਵੇਗੀ। ਉਨ੍ਹਾਂ ਨੇ ਸਾਊਦੀ ਦੇ ਉਨ੍ਹਾਂ ਸ਼ੁਰੂਆਤੀ ਬਿਆਨਾਂ ਦੀ ਨਿੰਦਾ ਕੀਤੀ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਖਸ਼ੋਗੀ ਤੁਰਕੀ ਦੀ ਇਕ ਔਰਤ ਨਾਲ ਆਪਣੇ ਪ੍ਰਸਤਾਵਿਤ ਵਿਆਹ ਦੇ ਸਿਲਸਿਲੇ 'ਚ ਕੰਮਕਾਜ ਨਾਲ ਜੁੜੇ ਕੰਮ ਨੂੰ ਲੈ ਕੇ ਉਥੇ ਗਏ ਸਨ ਤੇ ਉਥੋਂ ਸੁਰੱਖਿਅਤ ਨਿਕਲੇ ਸਨ।
ਏਦ੍ਰੋਆਨ ਨੇ ਕਿਹਾ ਕਿ ਖਸ਼ੋਗੀ ਦੂਤਘਰ ਤੋਂ ਨਿਕਲਣਗੇ ਤੇ ਆਪਣੀ ਮੰਗੇਤਰ ਨੂੰ ਨਾਲ ਨਹੀਂ ਲਿਜਾਣਗੇ? ਇਹ ਕਿਹੋ-ਜਿਹਾ ਬੱਚਕਾਨਾ ਬਿਆਨ ਹੈ। ਉਨ੍ਹਾਂ ਨੇ ਖਸ਼ੋਗੀ ਦੇ ਕਤਲ ਦੇ ਮਾਮਲੇ 'ਚ ਗ੍ਰਿਫਤਾਰ 18 ਸ਼ੱਕੀਆਂ ਦੀ ਗ੍ਰਿਫਤਾਰੀ ਦੇ ਬਾਰੇ ਕਿਹਾ ਕਿ ਜੇਕਰ ਤੁਸੀਂ ਉਨ੍ਹਾਂ ਤੋਂ ਸਭ ਕੁਝ ਨਹੀਂ ਉਗਲਵਾ ਸਕਦੇ ਤਾਂ ਉਨ੍ਹਾਂ ਨੂੰ ਸਾਨੂੰ ਸੌਂਪ ਦਿਓ ਤੇ ਉਨ੍ਹਾਂ 'ਤੇ ਮੁਕੱਦਮਾ ਚਲਾਉਣ ਦਿਓ। ਇਸੇ ਵਿਚਾਲੇ ਖਸ਼ੋਗੀ ਦੇ ਬੇਟੇ ਸਲਾਹ ਸਾਊਦੀ ਅਰਬ ਤੋਂ ਅਮਰੀਕਾ ਚਲੇ ਗਏ ਹਨ। ਸਾਊਦੀ ਵਲੋਂ ਯਾਤਰਾ ਪਾਬੰਦੀ ਹਟਾਏ ਜਾਣ ਤੋਂ ਬਾਅਦ ਉਹ ਰਵਾਨਾ ਹੋਏ ਸਨ।
ਅਮਰੀਕਾ ਦੇ ਵਿਦੇਸ਼ੀ ਵਿਭਾਗ ਬੁਲਾਰੇ ਰਾਬਰਟ ਪਾਲਡੀਨੋ ਨੇ ਕਿਹਾ ਕਿ ਸਲਾਹ ਖਸ਼ੋਗੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਾਊਦੀ ਤੋਂ ਰਵਾਨਾ ਹੋਣ ਦੇਣ ਦੇ ਫੈਸਲੇ ਦਾ ਅਮਰੀਕਾ ਸਵਾਗਤ ਕਰਦਾ ਹੈ। ਖਸ਼ੋਗੀ ਆਪਣੀ ਮੌਤ ਤੋਂ ਪਹਿਲਾਂ ਕਰੀਬ ਇਕ ਸਾਲ ਤੱਕ ਅਮਰੀਕਾ 'ਚ ਆਪਣੀ ਮਰਜ਼ੀ ਨਾਲ ਰਹੇ ਸਨ।
