Trump Shooting: ਅਮਰੀਕੀ ਸੁਰੱਖਿਆ ਏਜੰਸੀ ਦੀ ਵੱਡੀ ਅਣਗਹਿਲੀ ਆਈ ਸਾਹਮਣੇ, ਚਸ਼ਮਦੀਦ ਨੇ ਦਿੱਤਾ ਬਿਆਨ

Sunday, Jul 14, 2024 - 05:05 PM (IST)

Trump Shooting: ਅਮਰੀਕੀ ਸੁਰੱਖਿਆ ਏਜੰਸੀ ਦੀ ਵੱਡੀ ਅਣਗਹਿਲੀ ਆਈ ਸਾਹਮਣੇ, ਚਸ਼ਮਦੀਦ ਨੇ ਦਿੱਤਾ ਬਿਆਨ

ਇੰਟਰਨੈਸ਼ਨਲ ਡੈੱਸਕ - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਪੈਨਸਿਲਵੇਨੀਆ ਵਿਚ ਇਕ ਚੋਣ ਰੈਲੀ ਦੌਰਾਨ ਜਾਨਲੇਵਾ ਹਮਲਾ ਕੀਤਾ ਗਿਆ। ਹਮਲੇ ਵਿੱਚ ਟਰੰਪ ਦੇ ਸੱਜੇ ਕੰਨ ਦੇ ਉਪਰਲੇ ਹਿੱਸੇ ਵਿੱਚ ਗੋਲੀ ਲੱਗੀ ਸੀ। ਇਸ ਘਟਨਾ ਤੋਂ ਬਾਅਦ ਟਰੰਪ ਦੀ ਸੁਰੱਖਿਆ 'ਚ ਅਮਰੀਕਾ ਦੀ ਸੀਕ੍ਰੇਟ ਸਰਵਿਸ ਅਤੇ ਪੁਲਸ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਰੈਲੀ ਵਿਚ ਮੌਜੂਦ ਇਕ ਚਸ਼ਮਦੀਦ ਨੇ ਕਿਹਾ ਕਿ ਉਸ ਨੇ ਵਾਰ-ਵਾਰ ਪੁਲਸ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਕ ਰਾਈਫਲ ਵਾਲਾ ਵਿਅਕਤੀ ਘਟਨਾ ਵਾਲੀ ਥਾਂ ਦੇ ਬਿਲਕੁਲ ਬਾਹਰ ਇਕ ਇਮਾਰਤ ਦੀ ਛੱਤ 'ਤੇ ਮੌਜੂਦ ਸੀ। ਪਰ ਅਮਰੀਕਾ ਦੀ ਸੀਕ੍ਰੇਟ ਸਰਵਿਸ ਨੇ ਸਾਡੀ ਚਿਤਾਵਨੀ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ।

PunjabKesari

ਅਸੀਂ ਗੁਪਤ ਏਜੰਟਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ

ਗ੍ਰੇਗ ਨਾਂ ਦੇ ਇਸ ਚਸ਼ਮਦੀਦ ਨੇ ਦੱਸਿਆ ਕਿ ਭਾਸ਼ਣ ਦੇ ਕਰੀਬ ਪੰਜ ਮਿੰਟ ਬਾਅਦ ਅਸੀਂ ਦੇਖਿਆ ਕਿ ਸਾਡੇ ਨਾਲ ਲੱਗਦੀ 50 ਫੁੱਟ ਉੱਚੀ ਇਮਾਰਤ ਦੀ ਛੱਤ 'ਤੇ ਇਕ ਵਿਅਕਤੀ ਮੌਜੂਦ ਸੀ। ਉਸ ਕੋਲ ਰਾਈਫਲ ਸੀ ਅਤੇ ਅਸੀਂ ਤੁਰੰਤ ਪੁਲਸ ਅਤੇ ਗੁਪਤ ਏਜੰਟਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਜੋ ਜ਼ਮੀਨ ਅਤੇ ਇਮਾਰਤ ਦੀ ਛੱਤ 'ਤੇ ਤਾਇਨਾਤ ਸਨ। ਪੁਲਸ ਵਾਲੇ ਇਧਰ ਉਧਰ ਘੁੰਮ ਰਹੇ ਸਨ। ਅਸੀਂ ਗੁਪਤ ਏਜੰਟਾਂ ਨੂੰ ਚਿਤਾਵਨੀ ਦੇਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਸੀਂ ਸਫਲ ਨਹੀਂ ਹੋਏ। ਮੈਂ ਛੱਤ ਵੱਲ ਇਸ਼ਾਰਾ ਕਰ ਰਿਹਾ ਸੀ ਪਰ ਅਚਾਨਕ ਪੰਜ ਗੋਲੀਆਂ ਚਲਾਈਆਂ ਗਈਆਂ। ਗ੍ਰੇਗ ਮੁਤਾਬਕ ਗੋਲੀ ਚਲਾਉਣ ਤੋਂ ਪਹਿਲਾਂ ਗੋਲੀਬਾਰੀ ਕਰਨ ਵਾਲਾ ਘੱਟੋ-ਘੱਟ ਤਿੰਨ ਤੋਂ ਚਾਰ ਮਿੰਟ ਛੱਤ 'ਤੇ ਮੌਜੂਦ ਰਿਹਾ ਸੀ। 

'ਸੀਕ੍ਰੇਟ ਸਰਵਿਸ' ਦੇ ਬੁਲਾਰੇ ਦਾ ਬਿਆਨ 

ਇਸ ਦੇ ਨਾਲ ਹੀ ਅਮਰੀਕਾ ਦੀ 'ਸੀਕ੍ਰੇਟ ਸਰਵਿਸ' ਦੇ ਇੱਕ ਕਰਮਚਾਰੀ ਨੇ ਹਮਲਾਵਰ ਨੂੰ ਮਾਰ ਦਿੱਤਾ ਹੈ। ਸੀਕ੍ਰੇਟ ਸਰਵਿਸ ਦੇ ਬੁਲਾਰੇ ਐਂਥਨੀ ਗੁਗਲੀਏਲਮੀ ਨੇ ਇੱਕ ਬਿਆਨ ਵਿੱਚ ਕਿਹਾ, “ਹਮਲਾਵਰ ਨੂੰ ਯੂਐਸ ਸੀਕ੍ਰੇਟ ਸਰਵਿਸ ਦੇ ਕਰਮਚਾਰੀਆਂ ਨੇ ਮਾਰ ਦਿੱਤਾ ਹੈ। ਫੈਡਰਲ ਏਜੰਸੀ ਨੇ ਤੁਰੰਤ ਸੁਰੱਖਿਆ ਉਪਾਅ ਕੀਤੇ ਅਤੇ ਸਾਬਕਾ ਰਾਸ਼ਟਰਪਤੀ ਟਰੰਪ ਸੁਰੱਖਿਅਤ ਹਨ, ਇਸ ਘਟਨਾ ਦੀ ਜਾਂਚ ਜਾਰੀ ਹੈ। ਸੀਕਰੇਟ ਸਰਵਿਸ ਨੇ ਐਫਬੀਆਈ ਨੂੰ ਸੂਚਿਤ ਕਰ ਦਿੱਤਾ ਹੈ।

ਟਰੰਪ ਨੂੰ ਗੋਲੀ ਮਾਰਨ ਤੋਂ ਪਹਿਲਾਂ ਹਮਲਾਵਰ ਨਾਲ ਅਧਿਕਾਰੀ ਦਾ ਹੋਇਆ ਸੀ ਸਾਹਮਣਾ!

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੈਲੀ ’ਚ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰ ਰਹੇ ਅਧਿਕਾਰੀਆਂ ਮੁਤਾਬਕ ਗੋਲੀਬਾਰੀ ਤੋਂ ਕੁਝ ਸਮਾਂ ਪਹਿਲਾਂ ਰੈਲੀ ’ਚ ਸ਼ਾਮਲ ਲੋਕਾਂ ਨੇ ਇਕ ਵਿਅਕਤੀ ਨੂੰ ਨੇੜਲੀ ਇਮਾਰਤ ਦੀ ਛੱਤ ’ਤੇ ਚੜ੍ਹਦੇ ਦੇਖਿਆ ਅਤੇ ਸਥਾਨਕ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਸੀ।

ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਅਧਿਕਾਰੀਆਂ ਨੇ ਕਿਹਾ ਕਿ ਇਕ ਅਧਿਕਾਰੀ ਛੱਤ ’ਤੇ ਚੜ੍ਹ ਗਿਆ ਅਤੇ ਸ਼ੱਕੀ ਵਿਅਕਤੀ ਨੂੰ ਲਲਕਾਰਿਆ। ਸ਼ੱਕੀ ਵਿਅਕਤੀ ਨੇ ਆਪਣੀ ਰਾਈਫਲ ਉਸ ਵੱਲ ਤਾਨ ਦਿੱਤੀ। ਅਧਿਕਾਰੀਆਂ ਮੁਤਾਬਕ ਇਸ ਤੋਂ ਬਾਅਦ ਉਕਤ ਅਧਿਕਾਰੀ ਹੇਠਾਂ ਆਉਣ ਲੱਗਾ ਅਤੇ ਹਮਲਾਵਰ ਨੇ ਤੁਰੰਤ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲ ਨਿਸ਼ਾਨਾ ਲਗਾ ਦਿੱਤਾ।


 


author

Harinder Kaur

Content Editor

Related News