''ਅੱਲ੍ਹਾ ਦਾ ਸ਼ੁਕਰ ਹੈ, ਹੋਰਮੁਜ਼ ''ਚ ਖੜ੍ਹੀ ਹੋ ਗਈ ਹੈ ਸਟੀਲ ਦੀ ਕੰਧ'': ਡੋਨਾਲਡ ਟਰੰਪ

Thursday, Aug 13, 2026 - 01:57 AM (IST)

''ਅੱਲ੍ਹਾ ਦਾ ਸ਼ੁਕਰ ਹੈ, ਹੋਰਮੁਜ਼ ''ਚ ਖੜ੍ਹੀ ਹੋ ਗਈ ਹੈ ਸਟੀਲ ਦੀ ਕੰਧ'': ਡੋਨਾਲਡ ਟਰੰਪ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਨੇ ਸਟ੍ਰੇਟ ਆਫ਼ ਹੋਰਮੁਜ਼ ਵਿੱਚ ਇੱਕ ਮਜ਼ਬੂਤ 'ਸਟੀਲ ਦੀ ਕੰਧ' ਖੜ੍ਹੀ ਕਰ ਦਿੱਤੀ ਹੈ, ਜੋ ਭਵਿੱਖ ਵਿੱਚ ਵੀ ਕਾਇਮ ਰਹੇਗੀ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਪੋਸਟ ਸਾਂਝੀ ਕਰਦਿਆਂ ਟਰੰਪ ਨੇ ਲਿਖਿਆ ਕਿ ਮਿਡਲ-ਈਸਟ (ਮੱਧ-ਪੂਰਬ) ਦਾ 'ਦਾਦਾ' ਕਹਾਉਣ ਵਾਲਾ ਇਰਾਨ ਹੁਣ ਪਹਿਲਾਂ ਵਰਗਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਇਰਾਨ ਹੁਣ ਸਿਰਫ਼ ਗੱਲਾਂ ਕਰਦਾ ਹੈ, ਕੋਈ ਠੋਸ ਕਾਰਵਾਈ ਨਹੀਂ ਕਰ ਸਕਦਾ।

ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਕੋਲ ਹੁਣ ਪੈਸੇ ਖ਼ਤਮ ਹੋ ਚੁੱਕੇ ਹਨ ਅਤੇ ਉਹ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਹੈ। ਉੱਥੇ ਮਹਿੰਗਾਈ ਦਰ 300 ਫੀਸਦੀ ਤੱਕ ਪਹੁੰਚ ਚੁੱਕੀ ਹੈ। ਇਰਾਨ 'ਤੇ ਤੰਜ਼ ਕਸਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਕੋਲ ਨਾ ਤਾਂ ਜਲ ਸੈਨਾ (ਨੇਵੀ) ਹੈ ਅਤੇ ਨਾ ਹੀ ਹਵਾਈ ਸੈਨਾ (ਏਅਰ ਫੋਰਸ)। ਉਨ੍ਹਾਂ ਦੀ ਬਾਕੀ ਬਚੀ ਫ਼ੌਜ ਨੂੰ ਤਨਖਾਹਾਂ ਵੀ ਨਹੀਂ ਮਿਲ ਰਹੀਆਂ ਅਤੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ (IRGC) ਬੁਰੀ ਤਰ੍ਹਾਂ ਬਰਬਾਦ ਹੋ ਕੇ ਭੱਜ ਰਹੀ ਹੈ। ਟਰੰਪ ਨੇ ਸਪੱਸ਼ਟ ਕੀਤਾ ਕਿ ਇਸ ਵੇਲੇ ਹੋਰਮੁਜ਼ ਸਟ੍ਰੇਟ 'ਤੇ ਅਮਰੀਕਾ ਦਾ ਪੂਰਾ ਕੰਟਰੋਲ ਹੈ।

ਇਸ ਨਾਕਾਬੰਦੀ ਕਾਰਨ ਹੋਰਮੁਜ਼ ਵਿੱਚੋਂ ਲੰਘਣ ਵਾਲੇ ਜਹਾਜ਼ਾਂ ਦੀ ਗਿਣਤੀ ਬੇਹੱਦ ਘੱਟ ਰਹਿ ਗਈ ਹੈ। ਜਿੱਥੋਂ ਦੁਨੀਆ ਦਾ 20 ਫੀਸਦੀ ਕੱਚਾ ਤੇਲ ਲੰਘਦਾ ਹੈ ਅਤੇ ਆਮ ਦਿਨਾਂ ਵਿੱਚ ਰੋਜ਼ਾਨਾ 130 ਤੋਂ 140 ਜਹਾਜ਼ ਗੁਜ਼ਰਦੇ ਸਨ, ਉੱਥੇ 12 ਅਗਸਤ ਨੂੰ ਸਿਰਫ਼ 8 ਜਹਾਜ਼ ਹੀ ਲੰਘੇ। ਮੰਗਲਵਾਰ ਨੂੰ ਇੱਕ ਵੱਡੀ ਘਟਨਾ ਵਿੱਚ ਅਮਰੀਕੀ ਹੈਲੀਕਾਪਟਰ ਨੇ ਪਨਾਮਾ ਦੇ ਝੰਡੇ ਵਾਲੇ ਕਾਰਗੋ ਜਹਾਜ਼ 'M/V Vela Nova' 'ਤੇ ਮਿਜ਼ਾਈਲ ਦਾਗੀ, ਜੋ ਅਮਰੀਕੀ ਨਾਕਾਬੰਦੀ ਨੂੰ ਤੋੜ ਕੇ ਇਰਾਨੀ ਬੰਦਰਗਾਹ ਵੱਲ ਵਧ ਰਿਹਾ ਸੀ।

ਦੂਜੇ ਪਾਸੇ, ਇਰਾਨ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਨਵੇਂ ਸਮਝੌਤੇ 'ਤੇ ਦਸਤਖ਼ਤ ਨਹੀਂ ਕਰੇਗਾ। ਇਰਾਨੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਦੋਂ ਤੱਕ ਅਮਰੀਕਾ ਉਸ ਦੀਆਂ ਸ਼ਰਤਾਂ ਨਹੀਂ ਮੰਨਦਾ ਅਤੇ ਜੂਨ ਦੇ ਸਮਝੌਤੇ ਦੀਆਂ ਕਥਿਤ ਉਲੰਘਣਾਵਾਂ ਨੂੰ ਸੁਲਝਾਉਂਦਾ ਨਹੀਂ, ਉਦੋਂ ਤੱਕ ਇਹ ਜਲਡਮਰੂ ਬੰਦ ਹੀ ਰਹੇਗਾ। ਹਾਲਾਂਕਿ, ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਲਈ ਇਰਾਨ ਅਤੇ ਓਮਾਨ ਵਿਚਕਾਰ ਨਵੇਂ ਸਮੁੰਦਰੀ ਰੂਟ ਬਣਾਉਣ 'ਤੇ ਸਹਿਮਤੀ ਬਣ ਰਹੀ ਹੈ, ਪਰ ਇਰਾਨ ਇਸ ਨੂੰ ਲਾਂਘਾ ਖੋਲ੍ਹਣ ਦੀ ਗਾਰੰਟੀ ਨਹੀਂ ਮੰਨ ਰਿਹਾ।


author

Inder Prajapati

Content Editor

Related News