ਮੁਨੀਰ ਦੀ ਚਾਪਲੂਸੀ ਤੋਂ ਖੁਸ਼ ਹੋਏ ਟਰੰਪ, ਪਾਕਿ ਨੂੰ ਮਿਲਣਗੀਆਂ 120 ਘਾਤਕ ਮਿਜ਼ਾਈਲਾਂ
Thursday, Oct 09, 2025 - 11:57 AM (IST)

ਨਵੀਂ ਦਿੱਲੀ (ਏਜੰਸੀਆਂ)- ਪਾਕਿਸਤਾਨ ਪਿਛਲੇ ਕੁਝ ਮਹੀਨਿਆਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲਗਾਤਾਰ ਸ਼ਲਾਘਾ ਕਰ ਰਿਹਾ ਹੈ। ਪਾਕਿਸਤਾਨੀ ਫੌਜ ਦੇ ਮੁਖੀ ਅਸੀਮ ਮੁਨੀਰ ਕਈ ਵਾਰ ਅਮਰੀਕਾ ਦਾ ਦੌਰਾ ਕਰ ਚੁੱਕੇ ਹਨ। ਹੁਣ ਮੁਨੀਰ ਦੀ ਚਾਪਲੂਸੀ ਤੋਂ ਖੁਸ਼ ਹੋ ਕੇ ਟਰੰਪ ਨੇ ਪਾਕਿ ਨੂੰ 120 ਘਾਤਕ ਮਿਜ਼ਾਈਲਾਂ ਤੋਹਫ਼ੇ ਵਜੋਂ ਦੇਣ ਦਾ ਐਲਾਨ ਕੀਤਾ ਹੈ। ਅਮਰੀਕੀ ‘ ਡਿਪਾਰਟਮੈਂਟ ਆਫ ਵਾਰ’ ਦੀ ਇਕ ਤਾਜ਼ਾ ਸੂਚਨਾ ਅਨੁਸਾਰ ਪਾਕਿਸਤਾਨ ਨੂੰ ਰੇਥਿਓਨ ਵੱਲੋਂ ਤਿਆਰ ਏ. ਆਈ. ਐੱਮ.-120 ਐਡਵਾਂਸਡ ਮੀਡੀਅਮ ਰੇਂਜ ਏਅਰ-ਟੂ-ਏਅਰ ਮਿਜ਼ਾਈਲਾਂ ਮਿਲਣਗੀਆਂ।
ਰੱਖਿਆ ਸੌਦੇ ਦੀ ਕੀਮਤ ਪਹੁੰਚੀ 2.51 ਬਿਲੀਅਨ ਡਾਲਰ
ਅਮਰੀਕੀ ਰੱਖਿਆ ਵਿਭਾਗ ਦੇ ਤਾਜ਼ਾ ਇਕਰਾਰਨਾਮੇ ਅਨੁਸਾਰ ਰੇਥਿਓਨ ਨੂੰ 41.6 ਮਿਲੀਅਨ ਡਾਲਰ ਦਾ ਵਾਧੂ ਆਰਡਰ ਦਿੱਤਾ ਗਿਆ ਹੈ। ਇਹ ਆਰਡਰ ਇਨ੍ਹਾਂ ਮਿਜ਼ਾਈਲਾਂ ਦੇ ਸੀ-8 ਅਤੇ ਡੀ-3 ਐਡੀਸ਼ਨਾਂ ਲਈ ਹੈ। ਇਸ ਸੌਦੇ ਦੀ ਕੁੱਲ ਕੀਮਤ ਹੁਣ ਲਗਭਗ 2.51 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ। ਇਹ ਸੌਦਾ 2030 ਤੱਕ ਪੂਰਾ ਹੋ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਪਾਕਿਸਤਾਨੀ ਹਵਾਈ ਫੌਜ ਦੇ ਐੱਫ-16 ਲੜਾਕੂ ਜਹਾਜ਼ਾਂ ਨੂੰ ਅਪਗ੍ਰੇਡ ਕਰਨ ’ਚ ਕਾਫ਼ੀ ਮਦਦ ਮਿਲੇਗੀ। ਪਾਕਿਸਤਾਨ ਕੋਲ ਪਹਿਲਾਂ ਹੀ 500 ਤੋਂ ਵੱਧ ਪੁਰਾਣੀਆਂ ਸੀ-3 ਵਰਜਨ ਮਿਜ਼ਾਈਲਾਂ ਹਨ ਜੋ 2010 ’ਚ ਐੱਫ -16 ਨਾਲ ਖਰੀਦੀਆਂ ਗਈਆਂ ਸਨ।
ਭਾਰਤ ਲਈ ਵਧ ਸਕਦਾ ਹੈ ਖ਼ਤਰਾ
ਅਮਰੀਕਾ ਨਾਲ ਪਾਕਿਸਤਾਨ ਦਾ ਰੱਖਿਆ ਸੌਦਾ ਭਾਰਤ ਲਈ ਇਕ ਖ਼ਤਰਾ ਸਾਬਤ ਹੋ ਸਕਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਏ. ਆਈ. ਐੱਮ. -120 ਮਿਜ਼ਾਈਲਾਂ ਐੱਫ-16 ’ਤੇ ਲਾਈਆਂ ਜਾਣਗੀਆਂ। ਇਹ 100 ਕਿਲੋਮੀਟਰ ਦੀ ਦੂਰੀ ਤੋਂ ਭਾਰਤੀ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਸਕਦੀਆਂ ਹਨ। 2019 ਦੇ ਬਾਲਾਕੋਟ ਹਵਾਈ ਹਮਲੇ ’ਚ ਪਾਕਿਸਤਾਨ ਨੇ ਇਕ ਭਾਰਤੀ ਮਿਗ-21 ਨੂੰ ਇਸੇ ਤਰ੍ਹਾਂ ਦੀ ਮਿਜ਼ਾਈਲ ਨਾਲ ਡੇਗਿਆ ਸੀ। ਇਸ ਕਾਰਵਾਈ ਦੌਰਾਨ ਅਭਿਨੰਦਨ ਨੂੰ ਫੜ ਲਿਆ ਗਿਆ ਸੀ। ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਨਵੀਆਂ ਮਿਜ਼ਾਈਲਾਂ ਪਾਕਿਸਤਾਨੀ ਹਵਾਈ ਫੌਜ ਨੂੰ ਹੋਰ ਮਜ਼ਬੂਤ ਕਰਨਗੀਆਂ।