ਭਾਰਤ ’ਤੇ 100 ਫੀਸਦੀ ਟੈਰਿਫ ਲਗਾਵੇ ਯੂਰਪ : ਬੇਸੈਂਟ

Tuesday, Sep 16, 2025 - 09:00 PM (IST)

ਭਾਰਤ ’ਤੇ 100 ਫੀਸਦੀ ਟੈਰਿਫ ਲਗਾਵੇ ਯੂਰਪ : ਬੇਸੈਂਟ

ਵਾਸ਼ਿੰਗਟਨ– ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਯੂਰਪੀ ਦੇਸ਼ਾਂ ਨੂੰ ਭਾਰਤ ਅਤੇ ਚੀਨ ’ਤੇ 50 ਫੀਸਦੀ ਤੋਂ 100 ਫੀਸਦੀ ਤੱਕ ਟੈਰਿਫ ਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸੋਮਵਾਰ ਨੂੰ ‘ਬਲੂਮਬਰਗ’ ਨੂੰ ਦਿੱਤੀ ਇਕ ਇੰਟਰਵਿਊ ’ਚ ਇਹ ਗੱਲ ਕਹੀ।

ਬੇਸੈਂਟ ਨੇ ਕਿਹਾ ਕਿ ਅਮਰੀਕਾ ਰੂਸੀ ਤੇਲ ਦੀ ਖਰੀਦ ਨੂੰ ਰੋਕਣ ਲਈ ਵਾਧੂ ਟੈਰਿਫ ਉਦੋਂ ਤੱਕ ਨਹੀਂ ਲਗਾਏਗਾ ਜਦੋਂ ਤੱਕ ਯੂਰਪੀ ਦੇਸ਼ ਚੀਨ ਅਤੇ ਭਾਰਤ ’ਤੇ ਭਾਰੀ ਟੈਰਿਫ ਨਹੀਂ ਲਗਾਉਂਦੇ। ਯੂਰਪ ਨੂੰ ਰੂਸ ਦੀ ਤੇਲ ਤੋਂ ਹੋਣ ਵਾਲੀ ਆਮਦਨ ਨੂੰ ਰੋਕਣ ਅਤੇ ਯੂਕ੍ਰੇਨ ਵਿਚ ਜੰਗ ਖਤਮ ਕਰਨ ’ਚ ਵੱਡੀ ਭੂਮਿਕਾ ਨਿਭਾਉਣੀ ਪਵੇਗੀ। ਬੇਸੈਂਟ ਦਾ ਇਹ ਬਿਆਨ ਟਿਕਟਾਕ ਬਾਰੇ ਚੀਨ ਨਾਲ ਗੱਲਬਾਤ ਤੋਂ ਬਾਅਦ ਆਇਆ ਹੈ। ਉਨ੍ਹਾਂ ਕਿਹਾ ਕਿ ਚੀਨ ਰੂਸ ਤੋਂ ਤੇਲ ਖਰੀਦਣ ਨੂੰ ਆਪਣਾ ਅੰਦਰੂਨੀ ਮਾਮਲਾ ਮੰਨਦਾ ਹੈ।

ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਭਾਰਤ ਅਤੇ ਚੀਨ ਰੂਸ ਤੋਂ ਤੇਲ ਖਰੀਦ ਰਹੇ ਹਨ, ਜੋ ਪੁਤਿਨ ਨੂੰ ਯੂਕ੍ਰੇਨ ਵਿਰੁੱਧ ਜੰਗ ਜਾਰੀ ਰੱਖਣ ’ਚ ਮਦਦ ਕਰ ਰਿਹਾ ਹੈ। ਭਾਰਤ ਅਤੇ ਚੀਨ ’ਤੇ ਭਾਰੀ ਟੈਰਿਫ ਲਗਾ ਕੇ ਉਨ੍ਹਾਂ ਨੂੰ ਰੂਸੀ ਤੇਲ ਖਰੀਦਣ ਤੋਂ ਰੋਕਿਆ ਜਾ ਸਕਦਾ ਹੈ।

ਰੂਸੀ ਤੇਲ ਕੰਪਨੀਆਂ ’ਤੇ ਪਾਬੰਦੀਆਂ ਲਗਾਉਣ ਬਾਰੇ ਸੋਚ ਰਿਹੈ ਅਮਰੀਕਾ

ਬੇਸੈਂਟ ਨੇ ਕਿਹਾ ਕਿ ਅਮਰੀਕਾ ਯੂਰਪੀ ਦੇਸ਼ਾਂ ਦੇ ਨਾਲ ਮਿਲ ਕੇ ਰੂਸ ਦੀਆਂ ਤੇਲ ਕੰਪਨੀਆਂ, ਜਿਵੇਂ ਕਿ ‘ਰੋਸਨੇਫਟ’ ਅਤੇ ‘ਲੂਕੋਇਲ’ ’ਤੇ ਸਖ਼ਤ ਪਾਬੰਦੀਆਂ ਲਗਾਉਣ ਬਾਰੇ ਸੋਚ ਰਿਹਾ ਹੈ। ਇਸ ਦੇ ਨਾਲ ਹੀ ਉਹ ਰੂਸ ਦੀਆਂ 300 ਬਿਲੀਅਨ ਡਾਲਰ ਦੀਆਂ ਜਾਇਦਾਦਾਂ ਦੀ ਵਰਤੋਂ ਕਰਨ ’ਤੇ ਵਿਚਾਰ ਕਰੇਗਾ, ਜੋ 2022 ’ਚ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਫ੍ਰੀਜ਼ ਕਰ ਦਿੱਤੀਆਂ ਗਈਆਂ ਸਨ। ਇਨ੍ਹਾਂ ਜਾਇਦਾਦਾਂ ਨੂੰ ਯੂਕ੍ਰੇਨ ਲਈ ਕਰਜ਼ਾ ਗਾਰੰਟੀ ਵਜੋਂ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ, ‘‘ਮੈਂ ਗਾਰੰਟੀ ਦਿੰਦਾ ਹਾਂ ਕਿ ਜੇਕਰ ਯੂਰਪ ਰੂਸੀ ਤੇਲ ਖਰੀਦਣ ਵਾਲਿਆਂ ’ਤੇ ਭਾਰੀ ਟੈਰਿਫ ਲਗਾਉਂਦਾ ਹੈ ਤਾਂ ਜੰਗ 60 ਤੋਂ 90 ਦਿਨਾਂ ਵਿਚ ਖਤਮ ਹੋ ਜਾਵੇਗੀ, ਕਿਉਂਕਿ ਇਹ ਮਾਸਕੋ ਦੀ ਆਮਦਨ ਦੇ ਮੁੱਖ ਸਰੋਤ ਨੂੰ ਕੱਟ ਦੇਵੇਗਾ।’’


author

Rakesh

Content Editor

Related News