ਟਰੰਪ ਨੇ ਕੋਰੋਨਾ ਰਾਹਤ ਬਿੱਲ ''ਚ ਮਦਦ ਰਾਸ਼ੀ ਵਧਾਉਣ ਦੀ ਕੀਤੀ ਮੰਗ

Thursday, Dec 24, 2020 - 01:34 PM (IST)

ਟਰੰਪ ਨੇ ਕੋਰੋਨਾ ਰਾਹਤ ਬਿੱਲ ''ਚ ਮਦਦ ਰਾਸ਼ੀ ਵਧਾਉਣ ਦੀ ਕੀਤੀ ਮੰਗ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਅਮਰੀਕਾ ਵਾਸੀਆਂ ਨੂੰ ਆਰਥਿਕ ਮਦਦ ਦੇਣ ਦੇ ਮੰਤਵ ਨਾਲ ਸੈਨੇਟ ਵੱਲੋਂ ਕੋਵਿਡ ਰਾਹਤ ਬਿੱਲ ਨੂੰ ਸਹਿਮਤੀ ਦੇਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਕੋਲ ਮਨਜ਼ੂਰੀ ਲਈ ਭੇਜਿਆ ਗਿਆ ਸੀ।ਇਸ ਬਿੱਲ 'ਤੇ ਦਸਤਖਤ ਨਾ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਮੰਗਲਵਾਰ ਰਾਤ ਨੂੰ ਕਾਂਗਰਸ ਨੂੰ 900 ਬਿਲੀਅਨ ਡਾਲਰ ਦੇ ਵੱਡੇ ਪੈਕੇਜ ਨੂੰ ਵਾਪਸ ਲੈਣ ਦੇ ਨਾਲ ਇਸ ਵਿਚ ਸੋਧ ਕਰਨ ਲਈ ਕਿਹਾ ਹੈ। 

ਟਰੰਪ ਅਨੁਸਾਰ ਇਸ ਰਾਹਤ ਦੇ ਤਹਿਤ ਅਮਰੀਕੀਆਂ ਨੂੰ ਦਿੱਤੇ ਜਾਣ ਵਾਲੇ 600 ਡਾਲਰ ਦੀ ਰਾਸ਼ੀ ਬਹੁਤ ਘੱਟ ਹੈ ਜੋ ਕਿ ਵਧਾ ਕੇ 2000 ਡਾਲਰ ਹੋਣੀ ਚਾਹੀਦੀ ਹੈ। ਇਸ ਸੰਬੰਧੀ ਟਰੰਪ ਨੇ ਟਵਿੱਟਰ 'ਤੇ ਇਕ ਵੀਡੀਓ ਪੋਸਟ ਕਰਦਿਆਂ  ਕਿਹਾ ਕਿ ਕੋਰੋਨਾ ਰਾਹਤ ਪੈਕੇਜ ਕਹੇ ਜਾਣ ਵਾਲੇ ਇਸ ਬਿੱਲ ਦਾ ਕੋਵਿਡ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਟਰੰਪ 5,593 ਪੰਨਿਆਂ ਦੇ ਇਸ ਰਾਹਤ ਪੈਕੇਜ ਵਿਚ ਸ਼ਾਮਲ ਲੱਖਾਂ ਡਾਲਰਾਂ ਦੀ ਰਾਸ਼ੀ ਸੰਬੰਧੀ ਕਾਂਗਰਸ ਨੂੰ ਸੋਧ ਕਰਨ ਲਈ ਕਿਹਾ ਹੈ।

ਰਾਸ਼ਟਰਪਤੀ ਦੁਆਰਾ ਇਸ ਬਿੱਲ ਤਹਿਤ ਦਿੱਤੀ ਜਾਣ ਵਾਲੀ 600 ਡਾਲਰ ਦੀ ਸਹਾਇਤਾ ਨੂੰ ਵਧਾ ਕੇ 2,000 ਡਾਲਰ ਜਾਂ ਇਕ ਜੋੜੇ ਲਈ 4,000 ਡਾਲਰ ਤੱਕ  ਵਧਾਉਣ ਲਈ ਕਿਹਾ ਹੈ। ਇਸ ਵੀਡੀਓ ਦੇ ਜਾਰੀ ਹੋਣ ਤੋਂ ਬਾਅਦ, ਹਾਊਸ ਡੈਮੋਕਰੇਟਸ ਨੇ ਕਿਹਾ ਕਿ ਉਹ ਇਸ ਵੀਰਵਾਰ ਨੂੰ 2,000 ਡਾਲਰ ਦੀ ਰਾਸ਼ੀ ਲਈ ਬਿੱਲ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਇਸ ਨੂੰ ਸਰਬਸੰਮਤੀ ਨਾਲ ਸਹਿਮਤੀ ਦੇ ਕੇ ਪਾਸ ਕਰਨ ਦੀ ਕੋਸ਼ਿਸ਼ ਵੀ ਕਰਨਗੇ।


author

Sanjeev

Content Editor

Related News