45 ਫੀਸਦੀ ਔਰਤਾਂ ਦੀ ਪਸੰਦ ਬਣੇ ਟਰੰਪ, ਕਮਲਾ ਹੈਰਿਸ ਵੀ ਨਹੀਂ ਬਦਲ ਸਕੀ ਪਰੰਪਰਾ
Friday, Nov 08, 2024 - 09:42 AM (IST)
ਜਲੰਧਰ (ਇੰਟ.)- ਇਸ ਵਾਰ ਅਮਰੀਕੀ ਚੋਣਾਂ ’ਚ ਵੋਟਰਾਂ ਕੋਲ ਕਮਲਾ ਹੈਰਿਸ ਨੂੰ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਚੁਣਨ ਦਾ ਸੁਨਹਿਰੀ ਮੌਕਾ ਸੀ ਪਰ ਇਸ ਦੀ ਬਜਾਏ ਉਨ੍ਹਾਂ ਨੇ ਡੋਨਾਲਡ ਟਰੰਪ ਨੂੰ ਵਾਪਸ ਵ੍ਹਾਈਟ ਹਾਊਸ ਭੇਜ ਦਿੱਤਾ। ਜੇਕਰ ਕਮਲਾ ਹੈਰਿਸ ਚੋਣ ਜਿੱਤ ਜਾਂਦੀ ਤਾਂ ਅਮਰੀਕਾ ਦੇ ਇਤਿਹਾਸ ਵਿਚ ਉਨ੍ਹਾਂ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਣਾ ਸੀ। ਅਮਰੀਕੀ ਰਾਸ਼ਟਰਪਤੀ ਚੋਣਾਂ ਦੇ 235 ਸਾਲਾਂ ਦੇ ਇਤਿਹਾਸ ਵਿਚ ਕੋਈ ਵੀ ਔਰਤ ਜਿੱਤ ਨਹੀਂ ਸਕੀ ਹੈ। ਬਹੁਤੇ ਇਤਿਹਾਸਕਾਰਾਂ ਅਤੇ ਲੇਖਕਾਂ ਦਾ ਮੰਨਣਾ ਹੈ ਕਿ ਵਿਕਟੋਰੀਆ ਵੁੱਡਹੁਲ 1872 ਵਿਚ ਰਾਸ਼ਟਰਪਤੀ ਲਈ ਚੋਣ ਲੜਨ ਵਾਲੀ ਪਹਿਲੀ ਔਰਤ ਸੀ, ਹਾਲਾਂਕਿ ਕੁਝ ਇਸ ਦਾਅਵੇ ’ਤੇ ਸਵਾਲ ਉਠਾਉਂਦੇ ਹਨ। ਅੰਕੜੇ ਦੱਸਦੇ ਹਨ ਕਿ ਕਮਲਾ ਹੈਰਿਸ ਨੂੰ ਸਭ ਤੋਂ ਵੱਧ 53 ਫੀਸਦੀ ਔਰਤਾਂ ਨੇ ਵੋਟਾਂ ਪਾਈਆਂ, ਜਦਕਿ ਉਨ੍ਹਾਂ ਨੂੰ ਵੋਟ ਪਾਉਣ ਵਾਲੇ ਮਰਦਾਂ ਦੀ ਗਿਣਤੀ 42 ਫੀਸਦੀ ਸੀ। 55 ਫੀਸਦੀ ਮਰਦਾਂ ਅਤੇ 45 ਫੀਸਦੀ ਔਰਤਾਂ ਨੇ ਟਰੰਪ ਨੂੰ ਵੋਟਾਂ ਪਾਈਆਂ।
ਇਹ ਵੀ ਪੜ੍ਹੋ: ਭਾਰਤ-ਅਮਰੀਕਾ ਸਬੰਧਾਂ ਨੂੰ ਦੋਵਾਂ ਪਾਰਟੀਆਂ ਦਾ ਸਮਰਥਨ: ਡੈਮੋਕ੍ਰੇਟਿਕ MP ਕ੍ਰਿਸ਼ਨਮੂਰਤੀ
ਇਕ ਖੋਜ ਮੁਤਾਬਕ 53 ਫੀਸਦੀ ਅਮਰੀਕੀ ਅਜੇ ਵੀ ਮੰਨਦੇ ਹਨ ਕਿ ਦੇਸ਼ ਦੇ ਉੱਚ ਸਿਆਸੀ ਅਹੁਦਿਆਂ ’ਤੇ ਔਰਤਾਂ ਦੀ ਹਿੱਸੇਦਾਰੀ ਬਹੁਤ ਘੱਟ ਹੈ। ਟਰੰਪ ਆਪਣੇ ਕਾਰਜਕਾਲ ਦੌਰਾਨ ਮੰਤਰੀ ਮੰਡਲ ਵਿਚ ਔਰਤਾਂ ਨੂੰ ਕਿੰਨਾ ਹਿੱਸਾ ਦਿੰਦੇ ਹਨ, ਇਹ ਤਾਂ ਸੱਤਾ ਸੰਭਾਲਣ ਤੋਂ ਬਾਅਦ ਹੀ ਪਤਾ ਲੱਗੇਗਾ। ਦੱਸ ਦੇਈਏ ਕਿ ਟਰੰਪ ਦੇ ਖਿਲਾਫ ਔਰਤਾਂ ਦੇ ਸ਼ੋਸ਼ਣ ਦੇ ਦਰਜਨ ਤੋਂ ਜ਼ਿਆਦਾ ਮਾਮਲੇ ਦਰਜ ਹਨ, ਜਿਨ੍ਹਾਂ ’ਚੋਂ ਕੁਝ ’ਚ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਭਾਰਤੀ ਅਮਰੀਕੀਆਂ ਨੇ ਟਰੰਪ ਦੇ ਮੁੜ ਰਾਸ਼ਟਰਪਤੀ ਚੁਣੇ ਜਾਣ 'ਤੇ ਪ੍ਰਗਟਾਈ ਖੁਸ਼ੀ
ਬਾਈਡੇਨ ਦੀ ਕੈਬਨਿਟ ਵਿਚ ਸਭ ਤੋਂ ਵੱਧ 48 ਫੀਸਦੀ ਔਰਤਾਂ
ਅਮਰੀਕਾ ਦੇ ਇਤਿਹਾਸ ’ਚ ਜੋਅ ਬਾਈਡੇਨ ਦੀ ਕੈਬਨਿਟ ਵਿਚ ਸਭ ਤੋਂ ਜ਼ਿਆਦਾ ਔਰਤਾਂ ਦੀ 48 ਫੀਸਦੀ ਹਿੱਸੇਦਾਰੀ ਹੈ। ਉਨ੍ਹਾਂ ਦੇ ਮੰਤਰੀ ਮੰਡਲ ਵਿਚ 25 ’ਚੋਂ 12 ਅਹੁਦਿਆਂ ’ਤੇ ਔਰਤਾਂ ਹਨ। ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੇ ਦੂਜੇ ਕਾਰਜਕਾਲ ਦੇ ਮੰਤਰੀ ਮੰਡਲ ਵਿਚ ਔਰਤਾਂ ਦੀ ਹਿੱਸੇਦਾਰੀ 41 ਫੀਸਦੀ ਦੇ ਨਾਲ ਦੂਜੇ ਨੰਬਰ ’ਤੇ ਰਹੀ ਸੀ। ਬਾਈਡੇਨ ਦੇ ਕਾਰਜਕਾਲ ਦੌਰਾਨ ਚੋਟੀ ਦੇ ਕੈਬਨਿਟ ਅਹੁਦਿਆਂ ’ਚੋਂ ਉਪ ਰਾਸ਼ਟਰਪਤੀ, ਖਜ਼ਾਨਾ ਸਕੱਤਰ ਅਤੇ ਰਾਸ਼ਟਰੀ ਖੁਫੀਆ ਵਿਭਾਗ ਦੇ ਡਾਇਰੈਕਟਰ ਦੇ ਅਹੁਦੇ ਪਹਿਲੀ ਵਾਰ ਔਰਤਾਂ ਕੋਲ ਹਨ।
ਇਹ ਵੀ ਪੜ੍ਹੋ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਨੂੰ ਦਿੱਤੀ ਵਧਾਈ
ਬਾਈਡੇਨ ਦੀ ਕੈਬਨਿਟ ’ਚ 4 ਸ਼ਵੇਤ, 4 ਅਸ਼ਵੇਤ ਔਰਤਾਂ, ਇਕ ਏਸ਼ੀਅਨ ਅਮਰੀਕੀ ਔਰਤ, ਇਕ ਹਿਸਪੈਨਿਕ ਔਰਤ, ਇਕ ਅਮਰੀਕੀ ਭਾਰਤੀ ਔਰਤ ਅਤੇ ਇਕ ਬਹੁ-ਜਾਤੀ ਔਰਤ ਸ਼ਾਮਲ ਹੈ। ਕੈਬਨਿਟ-ਪੱਧਰ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਔਰਤ ਫ੍ਰਾਂਸਿਸ ਪਰਕਿਨਜ਼ ਸੀ, ਜਿਸ ਨੂੰ 1933 ਵਿਚ ਉਸ ਸਮੇਂ ਦੇ ਰਾਸ਼ਟਰਪਤੀ ਫ੍ਰੈਂਕਲਿਨ ਡੀ. ਰੂਜ਼ਵੈਲਟ ਵੱਲੋਂ ਲੇਬਰ ਸਕੱਤਰ ਨਿਯੁਕਤ ਕੀਤਾ ਗਿਆ ਸੀ। ਅੱਜ ਤੱਕ 7 ਔਰਤਾਂ ਨੇ ਲੇਬਰ ਸਕੱਤਰ ਦੇ ਤੌਰ ’ਤੇ ਕੰਮ ਕੀਤਾ ਹੈ, ਜੋ ਕਿਸੇ ਵੀ ਹੋਰ ਕੈਬਨਿਟ ਜਾਂ ਕੈਬਨਿਟ ਪੱਧਰ ਦੇ ਅਹੁਦੇ ਤੋਂ ਜ਼ਿਆਦਾ ਹੈ।
ਇਹ ਵੀ ਪੜ੍ਹੋ: ਪਤੀ ਡੋਨਾਲਡ ਟਰੰਪ ਦੀ ਜਿੱਤ 'ਤੇ ਬੋਲੀ ਮੇਲਾਨੀਆ
193 ਦੇਸ਼ਾਂ ’ਚੋਂ 25 ਦੇਸ਼ਾਂ ’ਚ ਔਰਤਾਂ ਚੋਟੀ ਦੇ ਅਹੁਦਿਆਂ ’ਤੇ
ਰਾਸ਼ਟਰਪਤੀ ਦੇ ਅਹੁਦੇ ’ਤੇ ਕਿਸੇ ਔਰਤ ਦੀ ਗੱਲ ਕਰੀਏ ਤਾਂ ਆਖਰੀ ਵਾਰ 2016 ’ਚ ਹਿਲੇਰੀ ਕਲਿੰਟਨ ਅਹੁਦੇ ਦੇ ਬਹੁਤ ਨੇੜੇ ਆਉਣ ਦੇ ਬਾਵਜੂਦ ਹਾਰ ਗਈ ਸੀ। ਉਨ੍ਹਾਂ ਨੂੰ ਡੋਨਾਲਡ ਟਰੰਪ ਤੋਂ ਲੱਗਭਗ 28 ਲੱਖ ਜ਼ਿਆਦਾ ਵੋਟਾਂ ਮਿਲੀਆਂ ਪਰ ਚੋਣ ਟਰੰਪ ਨੇ ਜਿੱਤੀ ਕਿਉਂਕਿ ਉਨ੍ਹਾਂ ਨੇ ਇਲੈਕਟੋਰਲ ਕਾਲਜ ਦਾ ਬਹੁਮਤ ਹਾਸਲ ਕਰ ਲਿਆ ਸੀ। ਇਸ ਵਾਰ ਕਮਲਾ ਹੈਰਿਸ ਨੇ ਵ੍ਹਾਈਟ ਹਾਊਸ ਪਹੁੰਚਣ ਦਾ ਮੌਕਾ ਗੁਆ ਦਿੱਤਾ।
ਇਹ ਵੀ ਪੜ੍ਹੋ: ਟਰੰਪ ਪ੍ਰਸ਼ਾਸਨ ਦੌਰਾਨ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਬਣੇ ਰਹਿਣਗੇ ਮਜ਼ਬੂਤ
ਇਕ ਰਿਪੋਰਟ ਮੁਤਾਬਕ ਦੁਨੀਆ ਭਰ ਦੇ 193 ਦੇਸ਼ਾਂ ’ਚੋਂ 25 ਅਜਿਹੇ ਦੇਸ਼ ਹਨ, ਜਿਨ੍ਹਾਂ ’ਚ ਔਰਤਾਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਨਿਭਾਅ ਰਹੀਆਂ ਹਨ। ਦੁਨੀਆ ਦੇ 59 ਦੇਸ਼ਾਂ ਵਿਚ ਔਰਤਾਂ ਲੀਡਰਸ਼ਿਪ ਦੀਆਂ ਭੂਮਿਕਾਵਾਂ ਵਿਚ ਹਨ। ਵਿਸ਼ਵ ਵਿਚ ਔਰਤਾਂ ਦੀ ਅਗਵਾਈ ਸਾਲ 1960 ਵਿਚ ਸ਼੍ਰੀਲੰਕਾ ਤੋਂ ਸ਼ੁਰੂ ਹੋਈ ਸੀ। ਸਿਰੀਮਾਵੋ ਬੰਡਾਰਨਾਇਕੇ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਸੀ। ਇਸ ਤੋਂ ਬਾਅਦ ਸਾਲ 1965 ਵਿਚ ਇੰਦਰਾ ਗਾਂਧੀ ਭਾਰਤ ਦੀ ਪ੍ਰਧਾਨ ਮੰਤਰੀ ਬਣੀ ਸੀ।
ਇਹ ਵੀ ਪੜ੍ਹੋ: ਡੋਨਾਲਡ ਟਰੰਪ: ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਵਾਲੇ ਸਭ ਤੋਂ ਵੱਡੀ ਉਮਰ ਦੇ ਸ਼ਖਸ
ਭਾਰਤ ’ਚ ਉੱਚ ਅਹੁਦਿਆਂ ’ਤੇ ਔਰਤਾਂ
ਭਾਰਤ ’ਚ ਤੀਜੀ ਵਾਰ ਅਜਿਹਾ ਹੋਇਆ ਹੈ ਜਦੋਂ ਉੱਚ ਅਹੁਦਿਆਂ ’ਤੇ ਔਰਤਾਂ ਕਾਬਿਜ਼ ਹੋਣ। ਇਸ ਤੋਂ ਪਹਿਲਾਂ ਪ੍ਰਤਿਭਾ ਦੇਵੀ ਪਾਟਿਲ ਭਾਰਤ ਦੀ ਰਾਸ਼ਟਰਪਤੀ ਰਹਿ ਚੁੱਕੀ ਹੈ। ਜਦਕਿ ਇੰਦਰਾ ਗਾਂਧੀ ਭਾਰਤ ਦੀ ਪ੍ਰਧਾਨ ਮੰਤਰੀ ਰਹਿ ਚੁੱਕੀ ਹੈ। ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਵੀ ਦੁਨੀਆ ਦੇ ਹਰਮਨ ਪਿਆਰੇ ਸਿਆਸੀ ਆਗੂਆਂ ਵਿਚੋਂ ਇਕ ਹੈ। ਉਹ ਅਕਤੂਬਰ 2022 ਤੋਂ ਇਟਲੀ ਦੀ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਅ ਰਹੀ ਹੈ। ਇਹ ਅਹੁਦਾ ਸੰਭਾਲਣ ਵਾਲੀ ਉਹ ਪਹਿਲੀ ਮਹਿਲਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8