ਇਜ਼ਰਾਇਲ ਤੇ UAE ਵਿਚਾਲੇ ਇਤਿਹਾਸਕ ਸ਼ਾਂਤੀ ਸਮਝੌਤਾ, ਟਰੰਪ ਨੇ ਕੀਤਾ ਐਲਾਨ

Friday, Aug 14, 2020 - 12:24 AM (IST)

ਇਜ਼ਰਾਇਲ ਤੇ UAE ਵਿਚਾਲੇ ਇਤਿਹਾਸਕ ਸ਼ਾਂਤੀ ਸਮਝੌਤਾ, ਟਰੰਪ ਨੇ ਕੀਤਾ ਐਲਾਨ

ਯੇਰੂਸ਼ਲਮ - ਇਜ਼ਰਾਇਲ ਅਤੇ ਸੰਯੁਕਤ ਰਾਸ਼ਟਰ ਅਮੀਰਾਤ (ਯੂ. ਏ. ਈ.) ਵਿਚਾਲੇ ਰਿਸ਼ਤਿਆਂ ਨੂੰ ਆਮ ਕਰਨ ਨੂੰ ਲੈ ਕੇ ਸਹਿਮਤੀ ਹੋ ਗਈ ਹੈ ਜਿਸ ਦਾ ਐਲਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ ਹੈ। ਇਕ ਸੰਯੁਕਤ ਬਿਆਨ ਵਿਚ ਰਾਸ਼ਟਰਪਤੀ ਟਰੰਪ, ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜ਼ਾਮਿਨ ਨੇਤਨਯਾਹੂ ਅਤੇ ਅਬੂ-ਧਾਬੀ ਦੇ ਕ੍ਰਾਉਂਨ ਪ੍ਰਿੰਸ ਮੁਹੰਮਦ ਅਲ ਨਾਹਯਾਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਇਤਿਹਾਸਕ ਸਫਲਤਾ ਨਾਲ ਮੱਧ-ਪੂਰਬ ਵਿਚ ਸ਼ਾਤੀ ਵਧੇਗੀ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਤੀਜੇ ਸਵਰੂਪ, ਇਜ਼ਰਾਇਲ ਵੈਸਟ ਬੈਂਕ ਦੇ ਵੱਡੇ ਹਿੱਸਿਆਂ ਨੂੰ ਮਿਲਾਉਣ ਦੀ ਆਪਣੀ ਯੋਜਨਾ ਮੁਅੱਤਲ ਕਰ ਦੇਵੇਗਾ। ਹੁਣ ਤੱਕ ਇਜ਼ਰਾਇਲ ਦਾ ਖਾੜੀ ਦੇ ਅਰਬ ਦੇਸ਼ਾਂ ਨਾਲ ਕੋਈ ਡਿਪਲੋਮੈਟਿਕ ਸਬੰਧ ਨਹੀਂ ਸੀ।

ਹਾਲਾਂਕਿ, ਇਸ ਇਲਾਕੇ ਵਿਚ ਈਰਾਨ ਨੂੰ ਲੈ ਕੇ ਇਜ਼ਰਾਇਲ ਅਤੇ ਅਰਬ ਦੇਸ਼ਾਂ ਦੀਆਂ ਚਿੰਤਾਵਾਂ ਸਮਾਨ ਹਨ ਜਿਸ ਕਾਰਨ ਦੋਹਾਂ ਪੱਖਾਂ ਵਿਚਾਲੇ ਗੈਰ ਰਸਮੀ ਸੰਪਰਕ ਹੁੰਦਾ ਰਿਹਾ ਹੈ। ਉਂਝ ਖਾੜੀ ਦੇ ਦੇਸ਼ਾਂ ਤੋਂ ਅਲੱਗ, ਅਰਬ ਦੇ 2 ਹੋਰ ਦੇਸ਼ਾਂ (ਜਾਰਡਨ ਅਤੇ ਮਿਸ਼ਰ) ਨਾਲ ਇਜ਼ਰਾਇਲ ਨੇ ਡਿਪਲੋਮੈਟਿਕ ਸੰਪਰਕ ਹਨ। ਰਾਸ਼ਟਰਪਤੀ ਟਰੰਪ ਦੇ ਐਲਾਨ ਦੇ ਜਵਾਬ ਵਿਚ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜ਼ਾਮਿਨ ਨੇਤਨਯਾਹੂ ਨੇ ਹਿਬਰੂ ਭਾਸ਼ਾ ਵਿਚ ਟਵੀਟ ਕਰ ਲਿੱਖਿਆ ਕਿ 'ਇਤਿਹਾਸਕ ਦਿਨ'। ਅਮਰੀਕਾ ਵਿਚ ਯੂ. ਏ. ਈ. ਦੇ ਰਾਜਦੂਤ ਯੂਸੁਫ ਅਲ ਓਤੈਬਾ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਕੂਟਨੀਤੀ ਅਤੇ ਖੇਤਰ ਲਈ ਇਕ ਜਿੱਤ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਅਰਬ-ਇਜ਼ਰਾਇਲ ਰਿਸ਼ਤਿਆਂ ਵਿਚ ਇਹ ਇਕ ਅਹਿਮ ਪਹਿਲ ਹੈ, ਜੋ ਤਣਾਅ ਘੱਟ ਕਰੇਗੀ ਅਤੇ ਸਕਾਰਾਤਮਕ ਬਦਲਾਅ ਲਈ ਨਵੀਂ ਊਰਜਾ ਦਾ ਨਿਰਮਾਣ ਕਰੇਗੀ।

1948 ਵਿਚ ਇਜ਼ਰਾਇਲ ਦੀ ਆਜ਼ਾਦੀ ਦੇ ਐਲਾਨ ਤੋਂ ਬਾਅਦ ਇਹ ਸਿਰਫ ਤੀਜਾ ਇਜ਼ਰਾਇਲ-ਅਰਬ ਸ਼ਾਂਤੀ ਸਮਝੌਤਾ ਹੈ। ਇਸ ਤੋਂ ਪਹਿਲਾਂ ਮਿਸ਼ਰ ਨੇ 1979 ਵਿਚ ਅਤੇ ਜਾਰਡਨ ਨੇ 1994 ਵਿਚ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਸਨ। ਆਉਣ ਵਾਲੇ ਹਫਤਿਆਂ ਵਿਚ ਇਜ਼ਰਾਇਲ ਅਤੇ ਯੂ. ਏ. ਈ. ਦਾ ਵਫਦ ਮੁਲਾਕਾਤ ਕਰੇਗਾ ਅਤੇ ਨਿਵੇਸ਼, ਸੈਰ-ਸਪਾਟਾ, ਸਿੱਧੀਆਂ ਉਡਾਣਾਂ, ਸੁਰੱਖਿਆ, ਦੂਰਸੰਚਾਰ, ਤਕਨੀਕ, ਊਰਜਾ, ਸਿਹਤ, ਸੰਸਕ੍ਰਿਤੀ, ਵਾਤਾਵਰਣ ਅਤੇ ਦੂਤਘਰਾਂ ਦੀ ਸਥਾਪਨਾ ਨੂੰ ਲੈ ਕੇ ਦੋ-ਪੱਖੀ ਸਮਝੌਤਿਆਂ 'ਤੇ ਹਸਤਾਖਰ ਕੀਤੇ ਜਾਣਗੇ। ਸੰਯੁਕਤ ਬਿਆਨ ਮੁਤਾਬਕ, ਦੋਵੇਂ ਦੇਸ਼ ਮੱਧ-ਪੂਰਬ ਲਈ ਰਣਨੀਤਕ ਏਜੰਡਾ ਲਾਂਚ ਕਰਨ ਵਿਚ ਵੀ ਅਮਰੀਕਾ ਦੇ ਨਾਲ ਜੁੜਣਗੇ। ਨੇਤਾਵਾਂ ਨੇ ਕਿਹਾ ਕਿ ਖੇਤਰ ਵਿਚ ਖਤਰਿਆਂ ਅਤੇ ਮੌਕਿਆਂ ਨੂੰ ਲੈ ਕੇ ਉਨਾਂ ਦ੍ਰਿਸ਼ਟੀਕੋਣ ਇਕੋਂ ਜਿਹਾ ਹੈ। ਨਾਲ ਹੀ ਉਹ ਕੂਟਨੀਤਕ ਜੁੜਾਅ, ਆਰਥਿਕ ਏਕੀਕਰਣ ਅਤੇ ਸੁਰੱਖਿਆ ਦੇ ਮਾਧਿਅਮ ਨਾਲ ਸਥਿਰਤਾ ਨੂੰ ਵਧਾਉਣ ਲਈ ਸਾਂਝੀ ਵਚਨਬੱਧਤਾ ਵੀ ਜਤਾਉਂਦੇ ਹਨ।


author

Khushdeep Jassi

Content Editor

Related News