ਹਾਂਗਕਾਂਗ ''ਚ ਚੀਨੀ ਗੁੰਡਾਗਰਦੀ ''ਤੇ ਸਖਤ ਅਮਰੀਕਾ ਨੇ ਲਾਈਆਂ ਆਰਥਿਕ ਪਾਬੰਦੀਆਂ
Thursday, May 28, 2020 - 12:53 AM (IST)
ਵਾਸ਼ਿੰਗਟਨ (ਏਜੰਸੀ): ਚੀਨ ਵਲੋਂ ਗੁੰਡਾਗਰਦੀ ਕਰਦੇ ਹੋਏ ਹਾਂਗਕਾਂਗ ਦੀ ਖੁਦਮੁਖਤਿਆਰੀ ਖੋਹਣ ਵਾਲੇ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਲਾਗੂ ਕੀਤੇ ਜਾਣ ਦੀਆਂ ਖਬਰਾਂ ਦੇ ਵਿਚਾਲੇ ਅਮਰੀਕਾ ਦੇ ਸੈਕ੍ਰੇਟਰੀ ਆਫ ਸਟੇਟ ਮਾਈਕ ਪੋਂਪੀਓ ਨੇ ਅਮਰੀਕੀ ਕਾਂਗਰਸ ਨੂੰ ਦਿੱਤੀ ਗਈ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਹਾਂਗਕਾਂਗ ਹੁਣ ਚੀਨ ਤੋਂ ਖੁਦਮੁਖਤਿਆਰ ਨਹੀਂ ਹੈ।
ਪੋਂਪੀਓ ਨੇ ਕਿਹਾ ਕਿ ਉਹ ਅਮਰੀਕੀ ਕਾਂਗਰਸ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਅਮਰੀਕਾ ਹਾਂਗਕਾਂਗ ਨੂੰ ਜੁਲਾਈ 1997 ਤੋਂ ਪਹਿਲਾਂ ਤੋਂ ਹੀ ਕਾਰੋਬਾਰੀ ਮਾਮਲੇ 'ਚ ਅਮਰੀਕੀ ਕਾਨੂੰਨ ਦੇ ਮੁਤਾਬਕ ਵਿਸ਼ੇਸ਼ ਰਿਆਇਤ ਦਿੰਦਾ ਆਇਆ ਹੈ ਪਰ ਇਹ ਰਾਹਤ ਹੁਣ ਨਹੀਂ ਮਿਲੇਗੀ ਕਿਉਂਕਿ ਹੁਣ ਹਾਂਗਕਾਂਗ ਚੀਨ ਤੋਂ ਪਹਿਲਾਂ ਵਾਲੀ ਖੁਦਮੁਖਤਿਆਰੀ ਨਹੀਂ ਰੱਖਦਾ। ਅਮਰੀਕਾ ਦੇ ਇਸ ਐਲਾਨ ਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਵਿਚ ਹਾਂਗਕਾਂਗ ਦੇ ਨਾਲ-ਨਾਲ ਚੀਨ 'ਤੇ ਵੀ ਆਰਥਿਕ ਪਾਬੰਦੀਆਂ ਲੱਗਣਗੀਆਂ, ਜਿਸ ਨਾਲ ਹਾਂਗਕਾਂਗ ਨੂੰ ਅਰਬਾਂ ਡਾਲਰਾਂ ਦਾ ਨੁਕਸਾਨ ਹੋਵੇਗਾ। ਅਮਰੀਕਾ ਦੇ ਟ੍ਰੇਡ ਬਿਊਰੋ ਦੇ ਅੰਕੜਿਆਂ ਮੁਤਾਬਕ ਹਾਂਗਕਾਂਗ ਅਮਰੀਕਾ ਦਾ 21ਵਾਂ ਵੱਡਾ ਕਾਰੋਬਾਰ ਸਹਿਯੋਗੀ ਹੈ ਤੇ ਇਸ ਵਿੱਤ ਸਾਲ ਦੀ ਪਹਿਲੀ ਤਿਮਾਹੀ ਵਿਚ ਅਮਰੀਕਾ ਨੇ ਹਾਂਗਕਾਂਗ ਨੂੰ 6.36 ਬਿਲੀਅਨ ਡਾਲਰ ਦਾ ਨਿਰਯਾਤ ਕੀਤਾ ਹੈ ਜਦਕਿ ਇਸ ਦੌਰਾਨ ਅਮਰੀਕਾ ਨੇ ਹਾਂਗਕਾਂਗ ਤੋਂ 952 ਮਿਲੀਅਨ ਡਾਲਰ ਦਾ ਆਯਾਤ ਕੀਤਾ ਹੈ।
ਅਮਰੀਕਾ ਦੀਆਂ ਤਕਰੀਬਨ 1,200 ਕੰਪਨੀਆਂ ਹਾਂਗਕਾਂਗ ਵਿਚ ਕਾਰੋਬਾਰ ਕਰਦੀਆਂ ਹਨ। ਇਨ੍ਹਾਂ ਵਿਚੋਂ ਤਕਰੀਬਨ 800 ਕੰਪਨੀਆਂ ਦੇ ਦਫਤਰ ਜਾਂ ਖੇਤਰੀ ਦਫਤਰ ਹਾਂਗਕਾਂਗ ਵਿਚ ਹਨ। ਅਮਰੀਕਾ ਦੇ ਇਸ ਐਲਾਨ ਨਾਲ ਹਾਂਗਕਾਂਗ ਦੇ ਨਾਲ-ਨਾਲ ਚੀਨ ਨੂੰ ਵੀ ਵੱਡਾ ਝਟਕਾ ਲੱਗੇਗਾ। 1997 ਤੋਂ ਪਹਿਲਾਂ ਹਾਂਗਕਾਂਗ ਬ੍ਰਿਟੇਨ ਦੀ ਕਾਲੋਨੀ ਸੀ ਤੇ ਬ੍ਰਿਟੇਨ ਨੇ 1997 'ਚ ਇਸ ਨੂੰ ਚੀਨ ਨੂੰ ਸੌਂਪਿਆ ਸੀ। ਉਸ ਸਮੇਂ ਅਮਰੀਕਾ ਨੇ ਕਾਨੂੰਨ ਪਾਸ ਕਰ ਹਾਂਗਕਾਂਗ ਨੂੰ ਉਹੀ ਦਰਜਾ ਦਿੱਤਾ ਸੀ ਜੋ ਉਹ ਬ੍ਰਿਟੇਨ ਦੇ ਰਾਜ ਦੌਰਾਨ ਦਿੰਦਾ ਆਇਆ ਸੀ। ਚੀਨ ਦਾ ਹਿੱਸਾ ਹੋਣ ਦੇ ਬਾਵਜੂਦ ਹਾਂਗਕਾਂਗ ਵਿਚ ਲੋਕਾਂ ਨੂੰ ਚੀਨ ਦੇ ਲੋਕਾਂ ਦੇ ਮੁਕਾਬਲੇ ਜ਼ਿਆਦਾ ਆਜ਼ਾਦੀ ਹੈ ਤੇ ਉਥੇ ਪ੍ਰੈੱਸ ਤੋਂ ਇਲਾਵਾ ਨਿਆਂਪਾਲਿਕਾ ਸੁਤੰਤਰ ਰੂਪ ਨਾਲ ਕੰਮ ਕਰਦੇ ਹਨ ਪਰ ਚੀਨ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਹਾਂਗਕਾਂਗ ਦੇ ਲੋਕਾਂ ਦੀ ਇਹ ਆਜ਼ਾਦੀ ਖਤਮ ਹੋ ਜਾਵੇਗੀ।