ਟਰੰਪ ਦੀ ਈਰਾਨ ਨੂੰ ਸਿੱਧੀ ਧਮਕੀ: ਕਰਾਂਗੇ ਹੁਣ ਤੱਕ ਦਾ ਸਭ ਤੋਂ ਭਿਆਨਕ ਹਮਲਾ

01/05/2020 9:37:10 PM

ਵਾਸ਼ਿੰਗਟਨ(ਭਾਸ਼ਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਬਗਦਾਦ ਵਿਚ ਅਮਰੀਕੀ ਹਵਾਈ ਹਮਲੇ ਵਿਚ ਸੀਨੀਅਰ ਈਰਾਨੀ ਕਮਾਂਡਰ ਦੇ ਮਾਰੇ ਜਾਣ ਤੋਂ ਬਾਅਦ ਜਵਾਬੀ ਕਾਰਵਾਈ ਕਰਦਾ ਹੈ ਤਾਂ ਅਮਰੀਕਾ ਉਸ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਭਿਆਨਕ ਹਮਲਾ ਕਰੇਗਾ। ਟਰੰਪ ਨੇ ਈਰਾਨ ਵਲੋਂ ਜਵਾਬੀ ਹਮਲੇ ਦੀ ਕਾਰਵਾਈ ਸਬੰਧੀ ਕੀਤੀਆਂ ਟਿੱਪਣੀਆਂ ਦਰਮਿਆਨ ਸ਼ਨੀਵਾਰ ਅੱਧੀ ਰਾਤ ਤੋਂ ਬਾਅਦ ਟਵੀਟ ਕੀਤਾ ਕਿ ਉਹਨਾਂ ਨੇ (ਈਰਾਨ ਨੇ) ਸਾਡੇ ’ਤੇ ਹਮਲਾ ਕੀਤਾ ਤਾਂ ਅਸੀਂ ਜਵਾਬੀ ਹਮਲਾ ਕੀਤਾ। ਜੇਕਰ ਉਹ ਫਿਰ ਹਮਲਾ ਕਰਦੇ ਹਨ ਤਾਂ ਅਸੀਂ ਉਹਨਾਂ ’ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕਰਾਂਗੇ। ਮੈਂ ਉਹਨਾਂ ਨੂੰ ਕੋਈ ਹਮਲਾ ਨਾ ਕਰਨ ਦੀ ਸਲਾਹ ਦਿੰਦਾ ਹਾਂ।

ਉਹਨਾਂ ਟਵੀਟ ਕੀਤਾ ਕਿ ਅਮਰੀਕਾ ਨੇ ਫੌਜੀ ਸਾਜ਼ੋ-ਸਾਮਾਨ ’ਤੇ 2000 ਅਰਬ ਡਾਲਰ ਹੁਣੇ ਖਰਚ ਕੀਤੇ ਹਨ। ਅਸੀਂ ਦੁਨੀਆ ਵਿਚ ਸਭ ਤੋਂ ਵੱਧ ਸ਼ਕਤੀਸ਼ਾਲੀ ਅਤੇ ਸਰਵਸ੍ਰੇਸ਼ਠ ਹਾਂ। ਜੇਕਰ ਈਰਾਨ ਦੇ ਫੌਜ ਮੁਖੀ ਨੇ ਐਤਵਾਰ ਨੂੰ ਅਮਰੀਕੀ ਫੌਜੀ ਅੱਡੇ ਜਾਂ ਕਿਸੇ ਅਮਰੀਕੀ 'ਤੇ ਹਮਲਾ ਕਰਦਾ ਹੈ ਤਾਂ ਅਸੀਂ ਆਪਣੇ ਕੁਝ ਇਕਦਮ ਨਵੇਂ ਹਥਿਆਰ ਬਿਨਾਂ ਕਿਸੇ ਝਿਜਕ ਦੇ ਉਨ੍ਹਾਂ ਖਿਲਾਫ ਇਸਤੇਮਾਲ ਕਰਾਂਗੇ। ਟਰੰਪ ਨੇ 10 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਅੰਤਰਾਲ ਵਿਚ ਈਰਾਨ ਨੂੰ ਦੂਜੀ ਵਾਰ ਇਹ ਚਿਤਾਵਨੀ ਦਿੱਤੀ।

ਅਮਰੀਕਾ 52 ਈਰਾਨੀ ਥਾਵਾਂ ਨੂੰ ਬਣਾਏਗਾ ਨਿਸ਼ਾਨਾ
ਇਸ ਤੋਂ ਪਹਿਲਾਂ ਉਹਨਾਂ ਨੇ ਸ਼ਨੀਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਈਰਾਨ ਅਮਰੀਕੀ ਜਵਾਨਾਂ ਜਾਂ ਜਾਇਦਾਦ ’ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਈਰਾਨ ਦੀਆਂ 52 ਥਾਵਾਂ ਨੂੰ ਨਿਸ਼ਾਨਾ ਬਣਾਏਗਾ ਤੇ ਉਹਨਾਂ 'ਤੇ ਬਹੁਤ ਤੇਜ਼ੀ ਨਾਲ ਜ਼ੋਰਦਾਰ ਹਮਲਾ ਕਰੇਗਾ। ਟਰੰਪ ਨੇ ਇਰਾਕ ਵਿਚ ਇਕ ਸੀਨੀਅਰ ਈਰਾਨੀ ਜਨਰਲ ਨੂੰ ਨਿਸ਼ਾਨਾ ਬਣਾ ਕੇ ਸ਼ੁੱਕਰਵਾਰ ਨੂੰ ਡਰੋਨ ਹਮਲਾ ਕੀਤੇ ਜਾਣ ਦਾ ਬਚਾਅ ਕਰਦੇ ਹੋਏ ਟਵੀਟ ਕੀਤਾ ਕਿ 52 ਅੰਕ ਉੇਹਨਾਂ ਲੋਕਾਂ ਦੀ ਗਿਣਤੀ ਨੂੰ ਦਰਸਾਉਂਦਾ ਹੈ ਜਿਹਨਾਂ ਨੂੰ ਇਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਤਹਿਰਾਨ ਵਿਚ ਅਮਰੀਕੀ ਦੂਤਘਰ ਵਿਚ ਬੰਦੀ ਬਣਾ ਕੇ ਰੱਖਿਆ ਗਿਆ ਸੀ। ਟਰੰਪ ਨੇ ਟਵੀਟ ਕੀਤਾ ਕਿ ਇਹਨਾਂ ਵਿਚੋਂ ਕੁਝ ਸਥਾਨ ਬਹੁਤ ਉਚ ਪੱਧਰ ਦੇ ਅਤੇ ਈਰਾਨ ਤੇ ਈਰਾਨੀ ਸਭਿਅਤਾ ਲਈ ਬਹੁਤ ਮਹੱਤਵਪੂਰਨ ਹਨ। ਉਹਨਾਂ ਸਥਾਨਾਂ ਤੇ ਈਰਾਨ ’ਤੇ ਬਹੁਤ ਤੇਜ਼ੀ ਨਾਲ ਜ਼ੋਰਦਾਰ ਤੇ ਭਿਆਨਕ ਹਮਲਾ ਕੀਤਾ ਜਾਵੇਗਾ, ਅਮਰੀਕਾ ਨੂੰ ਹੁਣ ਹੋਰ ਖਤਰਾ ਨਹੀਂ ਚਾਹੀਦਾ।


Baljit Singh

Content Editor

Related News