ਕੈਨੇਡਾ ''ਚ ਵਧੀ ਕੋਰੋਨਾ ਮਰੀਜ਼ਾਂ ਦੀ ਗਿਣਤੀ, ਟਰੰਪ ਦੀ ਰੋਕ ਤੋਂ ਬਾਅਦ ਟਰੂਡੋ ਨੇ ਕੀਤਾ ਇਹ ਐਲਾਨ
Wednesday, Apr 08, 2020 - 01:50 PM (IST)
ਟੋਰਾਂਟੋ(ਆਈ.ਏ.ਐਨ.ਐਸ.)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਮਾਸਕ ਦੇ ਨਿਰਯਾਤ 'ਤੇ ਪਾਬੰਦੀ ਲਾਉਣ ਤੋਂ ਬਾਅਦ ਪੂਰੀ ਦੁਨੀਆ ਵਿਚ ਮੈਡੀਕਲ ਉਪਕਰਨਾਂ ਲਈ ਮੁਕਾਬਲੇਬਾਜ਼ੀ ਸ਼ੁਰੂ ਹੋ ਗਈ ਹੈ ਤੇ ਇਸੇ ਦੌਰਾਨ ਕੈਨੇਡਾ ਨੇ ਦੇਸ਼ ਵਿਚ ਮਾਸਕ ਤੇ ਮੈਡੀਕਲ ਉਪਕਰਨਾਂ ਦਾ ਉਤਪਾਦਨ ਵਧਾਉਣ ਲਈ ਇਕ ਯੋਜਨਾ ਪੇਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 18 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ।
ਈ.ਐਫ.ਈ. ਨਿਊਜ਼ ਏਜੰਸੀ ਮੁਤਾਬਕ ਮੰਗਲਵਾਰ ਨੂੰ ਆਪਣੀ ਰੋਜ਼ਾਨਾ ਪ੍ਰੈੱਸ ਬ੍ਰੀਫਿੰਗ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਵੀਡ-19 ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਲੋੜੀਂਦੇ 30,000 ਵੈਂਟੀਲੇਟਰਾਂ, ਮਾਸਕ ਅਤੇ ਹੋਰ ਸੁਰੱਖਿਆਤਮਕ ਚੀਜ਼ਾਂ ਦਾ ਦੇਸ਼ ਵਿਚ ਉਤਪਾਦਨ ਕਰਨ ਦਾ ਐਲਾਨ ਕੀਤਾ। ਉਹਨਾਂ ਦਾ ਇਹ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਮਾਸਕ ਦੀ ਇਕ ਵੱਡੀ ਖੇਪ ਕੈਨੇਡਾ ਨੂੰ ਭੇਜਣ ਤੋਂ ਰੋਕਣ ਤੋਂ ਬਾਅਦ ਸਾਹਮਣੇ ਆਇਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਬਿਆਨ ਵਿਚ ਕਿਹਾ ਕਿ ਦੇਸ਼ ਨੂੰ ਹਰ ਤਰ੍ਹਾਂ ਦੇ ਹਾਲਾਤ ਲਈ ਤਿਆਰ ਰਹਿਣਾ ਚਾਹੀਦਾ ਹੈ। ਟਰੂਡੋ ਨੇ ਕਿਹਾ ਕਿ ਕੈਨੇਡਾ ਗੂਸ ਸਣੇ 22 ਸਥਾਨਕ ਐਪਰਲ ਨਿਰਮਾਤਾ ਮੈਡੀਕਲ ਕਰਮਚਾਰੀਆਂ ਲਈ ਸੁਰੱਖਿਆਤਮਕ ਸੂਟ ਤਿਆਰ ਕਰਨ ਵਿਚ ਯੋਗਦਾਨ ਪਾਉਣਗੇ। ਇਸ ਤੋਂ ਇਲਾਵਾ ਹੋਰ ਕੰਪਨੀਆਂ ਸਰਜੀਕਲ ਤੇ ਐਨ-95 ਮਾਸਕ ਅਤੇ ਮੈਡੀਕਲ ਕਰਮਚਾਰੀਆਂ ਲਈ ਹੋਰ ਸੁਰੱਖਿਆਤਮਕ ਉਪਕਰਨ ਤਿਆਰ ਕਰਨਗੀਆਂ।
ਟਰੂਡੋ ਨੇ ਅੱਗੇ ਕਿਹਾ ਕਿ ਜਿਵੇਂ ਕਿ ਕੈਨੇਡੀਅਨ ਸਰਕਾਰ 30,000 ਸਾਹ ਸਬੰਧੀ ਉਪਕਰਨਾਂ ਲਈ ਕਈ ਵੱਡੀਆਂ ਕੰਪਨੀਆਂ ਨਾਲ ਕੰਮ ਕਰ ਰਹੀ ਹੈ ਤਾਂ ਜੋ ਵਧੇਰੇ ਵੈਂਟੀਲੇਟਰ ਵਿਕਸਿਤ ਕੀਤੇ ਜਾ ਸਕਣ। ਕੈਨੇਡਾ ਵਿਚ ਸਿਹਤ ਅਥਾਰਟੀ ਵਲੋਂ ਆਮ ਜਨਤਾ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਕਿ ਲੋਕ ਸੁਪਰਮਾਰਕੀਟ ਤੋਂ ਲੈ ਕੇ ਪਬਲਿਕ ਟ੍ਰਾਂਸਪੋਰਟ ਤੱਕ ਮਾਸਕ ਦੀ ਵਰਤੋਂ ਜ਼ਰੂਰ ਕਰਨ। ਕੈਨੇਡਾ ਦੇ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ 1,205 ਮਾਮਲੇ ਵਧੇ ਹਨ, ਜਿਸ ਨਾਲ ਦੇਸ਼ ਵਿਚ ਇਸ ਜਾਨਲੇਵਾ ਬੀਮਾਰੀ ਦੇ ਮਾਮਲੇ 17,872 ਹੋ ਗਏ ਹਨ, ਜਿਹਨਾਂ ਵਿਚੋਂ 337 ਲੋਕਾਂ ਨੇ ਆਪਣੀ ਜਾਨ ਗੁਆਈ ਹੈ।