ਜਗਮੀਤ ਤੋਂ ਮੁਆਫੀ ਮੰਗਣਾ ਚਾਹੁੰਦੇ ਹਨ ਟਰੂਡੋ, ਸਿੰਘ ਨੇ ਰੱਖੀਆਂ ਸ਼ਰਤਾਂ

09/22/2019 3:47:13 PM

ਟੋਰਾਂਟੋ— ਲਿਬਰਲ ਆਗੂ ਜਸਟਿਨ ਟਰੂਡੋ ਵਲੋਂ ਆਪਣੇ ਸਰੀਰ 'ਤੇ ਕਾਲਾ ਰੰਗ ਲਗਾ ਕੇ ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਦੀਆਂ ਤਸਵੀਰਾਂ ਇਸ ਵੇਲੇ ਸੁਰਖੀਆਂ 'ਚ ਹਨ। ਹਾਲਾਂਕਿ ਟਰੂਡੋ ਇਸ 'ਤੇ ਦੋ ਵਾਰਾ ਕੈਨੇਡੀਅਨਾਂ ਤੇ ਹੋਰ ਭਾਈਚਾਰਿਆਂ ਤੋਂ ਮੁਆਫੀ ਮੰਗ ਚੁੱਕੇ ਹਨ ਪਰ ਉਨ੍ਹਾਂ ਨੇ ਇਕ ਵਾਰ ਫਿਰ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਤੋਂ ਵੀ ਮੁਆਫੀ ਮੰਗਣ ਦੀ ਇੱਛਾ ਜ਼ਾਹਿਰ ਕੀਤੀ ਹੈ। ਜਗਮੀਤ ਸਿੰਘ ਨੇ ਵੀ ਇਸ 'ਤੇ ਸਹਿਮਤੀ ਜਤਾਈ ਹੈ ਪਰ ਉਨ੍ਹਾਂ ਨੇ ਇਸ 'ਤੇ ਕੁਝ ਸ਼ਰਤਾਂ ਵੀ ਰੱਖ ਦਿੱਤੀਆਂ ਹਨ।

ਟਰੂਡੋ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪੂਰਾ ਧਿਆਨ ਇਸ ਵੇਲੇ ਕੈਨੇਡੀਅਨਾਂ ਤੋਂ ਮੁਆਫੀ ਮੰਗਣ 'ਤੇ ਕੇਂਦਰਿਤ ਹੈ, ਜਿਸ 'ਚ ਉਨ੍ਹਾਂ ਦੇ ਵਿਰੋਧੀ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਵੀ ਸ਼ਾਮਲ ਹਨ। ਟਰੂਡੋ ਨੇ ਕਿਹਾ ਕਿ ਉਹ ਉਨ੍ਹਾਂ ਦੀਆਂ ਅਜਿਹੀਆਂ ਤਸਵੀਰਾਂ ਲਈ ਸ਼ਰਮਿੰਦਾ ਹਨ। ਇਸ 'ਤੇ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਲਿਬਰਲ ਆਗੂ ਨਾਲ ਇਸ ਮੁੱਦੇ 'ਤੇ ਗੱਲ ਕਰਕੇ ਬਹੁਤ ਖੁਸ਼ੀ ਹੋਵੇਗੀ ਪਰ ਇਹ ਮੁਲਾਕਾਤ ਨਿੱਜੀ ਤੇ ਸਿਆਸੀ ਹਿੱਤਾਂ ਤੋਂ ਰਹਿਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਨੂੰ ਪੂਰੇ ਦੇਸ਼ ਦੀ ਸੱਤਾ ਸੰਭਾਲਣ ਲਈ ਇਕ ਹਥਿਆਰ ਵਜੋਂ ਵਰਤਣ ਨਹੀਂ ਦਿੱਤਾ ਜਾ ਸਕਦਾ। ਟਰੂਡੋ ਨੂੰ ਦੇਸ਼ ਦੇ ਆਮ ਲੋਕਾਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਨਾ ਕਿ ਇਕ ਪਾਰਟੀ ਦੇ ਆਗੂ ਨਾਲ ਗੱਲਾਂ ਕਰਕੇ ਆਪਣਾ ਡੰਗ ਸਾਰਨਾ ਚਾਹੀਦਾ ਹੈ। ਉਨ੍ਹਾਂ ਇਸ ਦੌਰਾਨ ਇਹ ਵੀ ਕਿਹਾ ਕਿ ਅਜਿਹੀਆਂ ਤਸਵੀਰਾਂ ਨਾਲ ਲੋਕਾਂ ਦਾ ਮਨ ਪਰੇਸ਼ਾਨ ਹੋਣਾ ਸੁਭਾਵਿਕ ਹੈ।


Baljit Singh

Content Editor

Related News