ਕੈਨੇਡਾ : ਟਰੂਡੋ ਸਰਕਾਰ ਦਾ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਲਾਉਣ ਦਾ ਵਿਚਾਰ

Saturday, Jan 16, 2021 - 09:47 PM (IST)

ਕੈਨੇਡਾ : ਟਰੂਡੋ ਸਰਕਾਰ ਦਾ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਲਾਉਣ ਦਾ ਵਿਚਾਰ

ਓਟਾਵਾ- ਕੈਨੇਡਾ ਸਰਕਾਰ ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਨੂੰ ਵੇਖਦੇ ਹੋਏ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਲਾ ਸਕਦੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਕੁਝ ਉਡਾਣਾਂ 'ਤੇ ਪਾਬੰਦੀ ਲਾਉਣ ਦਾ ਵਿਚਾਰ ਕਰ ਰਹੀ ਹੈ ਕਿਉਂਕਿ ਦੁਨੀਆ ਭਰ ਵਿਚ ਕੋਵਿਡ-19 ਦਾ ਨਵਾਂ ਰੂਪ ਖ਼ਤਰਾ ਬਣ ਕੇ ਉਭਰ ਰਿਹਾ ਹੈ, ਹਾਲ ਹੀ ਵਿਚ ਬ੍ਰਾਜ਼ੀਲ ਵਿਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੇ ਹੋਰ ਚਿੰਤਾ ਪੈਦਾ ਕਰ ਦਿੱਤੀ ਹੈ।

ਇਸ ਤੋਂ ਪਹਿਲਾਂ ਕੈਨੇਡਾ ਨੇ ਪਿਛਲੇ ਮਹੀਨੇ ਯੂ. ਕੇ. ਤੋਂ ਆਰਜ਼ੀ ਤੌਰ 'ਤੇ ਉਡਾਣਾਂ 'ਤੇ ਪਾਬੰਦੀ ਲਾਈ ਸੀ। ਯੂ. ਕੇ. ਵਿਚ ਮਿਲੇ ਕੋਰੋਨਾ ਵਾਇਰਸ ਸਟ੍ਰੇਨ ਕਾਰਨ 50 ਤੋਂ ਵੱਧ ਦੇਸ਼ਾਂ ਨੇ ਉਸ ਨਾਲ ਯਾਤਰਾ ਬੰਦ ਕਰ ਦਿੱਤੀ ਸੀ।

ਰਾਈਡੌ ਕਾਟੇਜ਼ ਵਿਖੇ ਆਪਣੇ ਘਰ ਦੇ ਬਾਹਰ ਪ੍ਰੈੱਸ ਬ੍ਰੀਫਿੰਗ ਵਿਚ ਟਰੂਡੋ ਨੇ ਕਿਹਾ, ''ਕੈਨੇਡੀਅਨਾਂ ਦੀ ਰੱਖਿਆ ਲਈ ਜੋ ਵੀ ਜ਼ਰੂਰੀ ਹੈ ਅਸੀਂ ਕਰ ਰਹੇ ਹਾਂ। ਜ਼ਰੂਰੀ ਹੋਣ 'ਤੇ ਕੁਝ ਉਡਾਣਾਂ 'ਤੇ ਪਾਬੰਦੀ ਵੀ ਲਾਈ ਜਾ ਸਕਦੀ ਹੈ।'' 

ਇਹ ਵੀ ਪੜ੍ਹੋ- ਲਾਕਡਾਊਨ ਖਿਲਾਫ਼ ਬੋਲਣ ਵਾਲੇ MPP ਨੂੰ ਫੋਰਡ ਨੇ ਪਾਰਟੀ 'ਚੋਂ ਬਾਹਰ ਕੀਤਾ

ਉਨ੍ਹਾਂ ਕਿਹਾ ਕਿ ਹਮੇਸ਼ਾਂ ਦੀ ਤਰ੍ਹਾਂ ਸਾਡੇ ਮੰਤਰੀ ਮਾਹਰਾਂ ਨਾਲ ਗੱਲਬਾਤ ਕਰਦੇ ਹੋਏ ਬਿਨਾਂ ਕੋਈ ਦੇਰੀ ਕੀਤੇ ਫ਼ੈਸਲੇ 'ਤੇ ਪਹੁੰਚਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ ਅਤੇ ਕਿਸੇ ਵੀ ਨਵੇਂ ਫ਼ੈਸਲੇ ਬਾਰੇ ਕੈਨੇਡਾ ਦੇ ਲੋਕਾਂ ਨੂੰ ਜਾਣੂ ਕਰਾਉਂਦੇ ਰਹਾਂਗੇ। ਸੂਤਰਾਂ ਨੇ ਕਿਹਾ ਕਿ ਸਰਕਾਰ ਮਹਾਮਾਰੀ ਦੇ ਸੰਦਰਭ ਵਿਚ ਹੋਰ ਉਪਾਅ ਪੇਸ਼ ਕਰ ਸਕਦੀ ਹੈ, ਜਿਵੇਂ ਕਿ ਕੈਨੇਡਾ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਕੋਵਿਡ-19 ਨੈਗੇਟਿਵ ਟੈਸਟ ਰਿਪੋਰਟ ਲਾਜ਼ਮੀ ਕੀਤੀ ਜਾ ਸਕਦੀ ਹੈ। ਕੈਨੇਡਾ ਵਿਚ ਦਾਖ਼ਲ ਹੋਣ ਵਾਲੇ ਲੋਕਾਂ ਲਈ 14 ਦਿਨਾਂ ਦਾ ਇਕਾਂਤਵਾਸ ਪਹਿਲਾਂ ਹੀ ਲਾਗੂ ਹੈ। ਕੈਨੇਡੀਅਨਾਂ ਦੀ ਵਿਦੇਸ਼ ਯਾਤਰਾ ਕਰਨ ਬਾਰੇ ਵੱਧ ਰਹੀ ਚਿੰਤਾ ਦੇ ਮੱਦੇਨਜ਼ਰ ਟਰੂਡੋ ਨੇ ਕਿਹਾ ਕਿ ਲੋੜ ਹੋਣ 'ਤੇ ਕੌਮਾਂਤਰੀ ਯਾਤਰਾ 'ਤੇ ਸਖ਼ਤੀ ਵਧਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ- ਭਾਰਤ, ਕਤਰ ਸਣੇ 4 ਦੇਸ਼ਾਂ ਨਾਲ ਹਵਾਈ ਯਾਤਰਾ ਮੁੜ ਬਹਾਲ ਕਰੇਗਾ ਰੂਸ 

ਕੈਨੇਡਾ ਦੇ ਇਸ ਵਿਚਾਰ 'ਤੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਟਿਪਣੀ


author

Sanjeev

Content Editor

Related News