ਕੈਨੇਡਾ ''ਚ ਟਰੱਕ ਚਾਲਕਾਂ ਦਾ ਪ੍ਰਦਰਸ਼ਨ ‘ਆਜ਼ਾਦੀ ਕਾਫਲਾ’ ਦੂਜੇ ਦਿਨ ਵੀ ਜਾਰੀ
Monday, Jan 31, 2022 - 09:51 AM (IST)
ਓਟਾਵਾ (ਵਾਰਤਾ): ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਕੋਰੋਨਾ ਵਾਇਰਸ ਪਾਬੰਦੀਆਂ ਖ਼ਿਲਾਫ਼ ਟਰੱਕ ਚਾਲਕਾਂ ਦਾ ਵਿਰੋਧ ਪ੍ਰਦਰਸ਼ਨ ਦੂਜੇ ਦਿਨ ਵੀ ਜਾਰੀ ਰਿਹਾ। ਸੀਬੀਸੀ ਦੀ ਰਿਪੋਰਟ ਦੇ ਅਨੁਸਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਹਾਲੀਆ ਜਨਤਕ ਸਿਹਤ ਉਪਾਵਾਂ ਦੇ ਵਿਰੋਧ ਵਿੱਚ ਹਜ਼ਾਰਾਂ ਟਰੱਕ ਚਾਲਕ ਅਤੇ ਹੋਰ ਲੋਕ ਐਤਵਾਰ ਨੂੰ ਪਾਰਲੀਆਮੈਂਟ ਹਿਲ ਨੇੜੇ ਪ੍ਰਦਰਸ਼ਨ ਲਈ ਇਕੱਠੇ ਹੋਏ। ਹਾਲਾਂਕਿ ਸ਼ਾਮ ਵੇਲੇ ਲੋਕਾਂ ਦੀ ਭੀੜ ਘੱਟ ਹੁੰਦੀ ਦਿਸੀ।
ਇਸ ਵਿਚਕਾਰ ਪੁਲਸ ਨੇ ਕਿਹਾ ਕਿ 'ਫ੍ਰੀਡਮ ਕੌਨਵੋਏ' (Freedom Convoy) ਵਿਰੋਧ ਸੋਮਵਾਰ ਨੂੰ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ।ਓਟਾਵਾ ਦੇ ਮੇਅਰ ਜਿਮ ਵਾਟਸਨ ਨੇ ਐਤਵਾਰ ਨੂੰ ਸੀਬੀਸੀ ਨੂੰ ਦੱਸਿਆ ਕਿ ਲੋਕਾਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ ਪਰ ਸ਼ਹਿਰ ਦਾ ਜਨਜੀਵਨ ਸਧਾਰਨ ਹੋਣਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਹਜ਼ਾਰਾਂ ਟਰੱਕ ਚਾਲਕ ਅਤੇ ਸੈਂਕੜੇ ਹੋਰ ਪ੍ਰਦਰਸ਼ਨਕਾਰੀ ਹਾਲ ਹੀ ਵਿੱਚ ਲਾਗੂ ਕੀਤੀਆਂ ਗਈਆਂ ਕੋਵਿਡ ਪਾਬੰਦੀਆਂ ਦੇ ਵਿਰੋਧ ਵਿੱਚ ਓਟਾਵਾ ਵਿਚ ਇਕੱਠੇ ਹੋਏ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਵੈਕਸੀਨ ਵਿਰੋਧੀ ਟਰੱਕ ਡਰਾਈਵਰਾਂ ਨੇ ਘੇਰੀ ਪੀ.ਐੱਮ. ਰਿਹਾਇਸ਼, ਪਰਿਵਾਰ ਸਮੇਤ ਟਰੂਡੋ 'ਗੁਪਤ' ਥਾਂ ਪਹੁੰਚੇ
ਇੱਥੇ ਦੱਸ ਦਈਏ ਕਿ ਸਰਕਾਰ ਦੇ ਲਾਜ਼ਮੀ ਟੀਕਾਕਰਨ ਦੇ ਆਦੇਸ਼ ਦੇ ਬਾਅਦ ਸ਼ੁੱਕਰਵਾਰ ਦੀ ਰਾਤ ਤੋਂ ਹੀ ਕੈਨੇਡਾ ਦੀ ਰਾਜਧਾਨੀ ਵਿੱਚ ਟਰੱਕ ਚਾਲਕਾਂ ਦਾ ਆਉਣਾ ਸ਼ੁਰੂ ਹੋ ਗਿਆ ਸੀ। ਕੈਨੇਡਾ ਦੀ ਮੀਡੀਆ ਰਿਪੋਟਰਾਂ ਦੇ ਅਨੁਸਾਰ ਟਰੱਕ ਡਰਾਈਵਰਾਂ ਦੇ ਵਿਰੋਧ ਦੇ ਵਿਚਕਾਰ ਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਸੁਰੱਖਿਅਤ ਸਥਾਨ 'ਤੇ ਚਲੇ ਗਏ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।