'ਟ੍ਰੋਇਕਾ ਪਲੱਸ' ਵਾਰਤਾ 'ਚ ਤਾਲਿਬਾਨ ਨੂੰ ਸਾਰੇ ਅੱਤਵਾਦੀ ਸੰਗਠਨਾਂ ਨਾਲ ਸਬੰਧ ਤੋੜਨ ਦੀ ਕੀਤੀ ਗਈ ਅਪੀਲ

Friday, Nov 12, 2021 - 01:06 PM (IST)

'ਟ੍ਰੋਇਕਾ ਪਲੱਸ' ਵਾਰਤਾ 'ਚ ਤਾਲਿਬਾਨ ਨੂੰ ਸਾਰੇ ਅੱਤਵਾਦੀ ਸੰਗਠਨਾਂ ਨਾਲ ਸਬੰਧ ਤੋੜਨ ਦੀ ਕੀਤੀ ਗਈ ਅਪੀਲ

ਇਸਲਾਮਾਬਾਦ (ਭਾਸ਼ਾ) - ਅਮਰੀਕਾ, ਚੀਨ, ਰੂਸ ਅਤੇ ਪਾਕਿਸਤਾਨ ਦੇ ਸੀਨੀਅਰ ਅਧਿਕਾਰੀਆਂ ਨੇ ਵੀਰਵਾਰ ਨੂੰ ਤਾਲਿਬਾਨ ਨੂੰ ਕਿਹਾ ਕਿ ਉਹ ਸਾਰੇ ਅੰਤਰਰਾਸ਼ਟਰੀ ਅੱਤਵਾਦੀ ਸਮੂਹਾਂ ਨਾਲ ਸਬੰਧ ਤੋੜ ਲੈਣ ਅਤੇ ਇਕ ‘ਸਮੂਹਿਕ ਅਤੇ ਪ੍ਰਤੀਨਿਧਤਾ’ ਵਾਲੀ ਸਰਕਾਰ ਬਣਾਉਣ ਲਈ ਕਦਮ ਚੁੱਕਦੇ ਹੋਏ ਦੇਸ਼ ਵਿਚ ਕਿਸੇ ਵੀ ਅੱਤਵਾਦੀ ਸੰਗਠਨ ਨੂੰ ਜਗ੍ਹਾ ਦੇਣ ਤੋਂ ਇਨਕਾਰ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਤਾਲਿਬਾਨ ਦੇ ਹੱਕ 'ਚ ਪਾਕਿ ਦਾ ਵੱਡਾ ਬਿਆਨ, ਕੌਮਾਂਤਰੀ ਭਾਈਚਾਰੇ ਨੂੰ ਵੀ ਦਿੱਤੀ ਚਿਤਾਵਨੀ

ਇਸਲਾਮਾਬਾਦ ਵਿਚ ਚਾਰ ਦੇਸ਼ਾਂ ਦੇ ਵਿਸ਼ੇਸ਼ ਅਫ਼ਗਾਨ ਪ੍ਰਤੀਨਿਧਾਂ ਦੀ ਵਿਸਤ੍ਰਿਤ 'ਟ੍ਰੋਇਕਾ ਬੈਠਕ' ਨੇ ਅਫ਼ਗਾਨਿਸਤਾਨ ਦੀ ਤਾਜ਼ਾ ਸਥਿਤੀ ਦੀ ਸਮੀਖਿਆ ਕੀਤੀ ਅਤੇ ਕਿਹਾ ਕਿ ਇਹ ਉਮੀਦ ਹੈ ਕਿ ਤਾਲਿਬਾਨ ਆਪਣੇ ਗੁਆਂਢੀ ਦੇਸ਼ਾਂ ਅਤੇ ਬਾਕੀ ਦੁਨੀਆ ਦੇ ਖ਼ਿਲਾਫ਼ ਅੱਤਵਾਦੀਆਂ ਵੱਲੋਂ ਅਫ਼ਗਾਨ ਖੇਤਰ ਦੀ ਵਰਤੋਂ ਨੂੰ ਰੋਕਣ ਲਈ ਆਪਣੀ ਵਚਨਬੱਧਤਾ ਨੂੰ ਪੂਰਾ ਕਰੇਗਾ। ਗੱਲਬਾਤ ਦੀ ਸਮਾਪਤੀ 'ਤੇ ਜਾਰੀ ਕੀਤੇ ਗਏ ਸਾਂਝੇ ਬਿਆਨ ਦੇ ਅਨੁਸਾਰ ਚਾਰੇ ਦੇਸ਼ਾਂ ਨੇ ਅਫਗਾਨਿਸਤਾਨ ਵਿਚ ਗੰਭੀਰ ਮਨੁੱਖੀ ਅਤੇ ਆਰਥਿਕ ਸਥਿਤੀ ਬਾਰੇ ਡੂੰਘੀ ਚਿੰਤਾ ਜ਼ਾਹਰ ਕੀਤੀ ਅਤੇ ਅਫ਼ਗਾਨਿਸਤਾਨ ਦੇ ਲੋਕਾਂ ਲਈ ਆਪਣੇ ਅਟੁੱਟ ਸਮਰਥਨ ਨੂੰ ਦੁਹਰਾਇਆ। 'ਟ੍ਰੋਇਕਾ' ਦੇ ਵਿਸਤ੍ਰਿਤ ਸਮੂਹ ਨੂੰ 'ਟ੍ਰੋਇਕਾ ਪਲੱਸ' ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ। ਇਸ ਨੇ ਵਿਸ਼ਵ ਵੱਲੋਂ ਅਫ਼ਗਾਨਿਸਤਾਨ ਨੂੰ ਤੁਰੰਤ ਮਨੁੱਖੀ ਸਹਾਇਤਾ ਦੀ ਵਿਵਸਥਾ ਦਾ ਸੁਆਗਤ ਕੀਤਾ। ਮੈਂਬਰਾਂ ਨੇ ਅਫ਼ਗਾਨਿਸਤਾਨ ਦੀਆਂ ਆਰਥਿਕ ਚੁਣੌਤੀਆਂ ਬਾਰੇ ਚਿੰਤਾਵਾਂ ਨੂੰ ਸਵੀਕਾਰ ਕੀਤਾ ਅਤੇ ਜਾਇਜ਼ ਬੈਂਕਿੰਗ ਸੇਵਾਵਾਂ ਤੱਕ ਪਹੁੰਚ ਦੀ ਸਹੂਲਤ ਲਈ ਉਪਾਵਾਂ 'ਤੇ ਧਿਆਨ ਕੇਂਦਰਿਤ ਕਰਨ ਲਈ ਵਚਨਬੱਧਤਾ ਜਤਾਈ। ਟ੍ਰੋਇਕਾ ਪਲੱਸ ਬੈਠਕ ਤਿੰਨ ਮਹੀਨਿਆਂ ਦੇ ਵਕਫ਼ੇ ਤੋਂ ਬਾਅਦ ਹੋਈ ਅਤੇ ਤਾਲਿਬਾਨ ਸਰਕਾਰ ਨਾਲ ਕਿਵੇਂ ਜੁੜਨਾ ਹੈ, ਇਸ 'ਤੇ ਆਮ ਸਹਿਮਤੀ ਬਣਨ ਦੀ ਉਮੀਦ ਸੀ।

ਇਹ ਵੀ ਪੜ੍ਹੋ : ਪਹਿਲਵਾਨ ਨਿਸ਼ਾ ਕਤਲਕਾਂਡ: ਕੋਚ ਦੀ ਪਤਨੀ ਅਤੇ ਸਾਲਾ ਗ੍ਰਿਫ਼ਤਾਰ, ਮੁੱਖ ਦੋਸ਼ੀਆਂ ’ਤੇ 1 ਲੱਖ ਦਾ ਇਨਾਮ

ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ 'ਟ੍ਰੋਇਕਾ' ਦੇ ਆਪਣੇ ਉਦਘਾਟਨੀ ਭਾਸ਼ਣ ਵਿਚ ਅੰਤਰਰਾਸ਼ਟਰੀ ਭਾਈਚਾਰੇ ਨੂੰ ਵਿੱਤੀ ਸਰੋਤਾਂ ਦੀ ਘਾਟ ਕਾਰਨ ਅਫ਼ਗਾਨਿਸਤਾਨ ਨੂੰ ਆਉਣ ਵਾਲੀ ਮਨੁੱਖੀ ਤਬਾਹੀ ਤੋਂ ਬਚਣ ਲਈ ਤੁਰੰਤ ਮਦਦ ਕਰਨ ਦੀ ਅਪੀਲ ਕੀਤੀ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਦੁਨੀਆ ਨੂੰ ਚਿਤਾਵਨੀ ਦਿੱਤੀ ਕਿ ਉਹ ਪਿਛਲੀਆਂ ਗਲਤੀਆਂ ਨੂੰ ਨਾ ਦੋਹਰਾਉਣ, ਜਦੋਂ ਅਫ਼ਗਾਨਿਸਤਾਨ ਨੂੰ ਅਲੱਗ-ਥਲੱਗ ਕਰਨ ਨਾਲ ਨਾਲ ਕਈ ਸਮੱਸਿਆਵਾਂ ਖੜੀਆਂ ਹੋ ਗਈਆਂ ਸਨ। ਕੁਰੈਸ਼ੀ ਨੇ ਉਮੀਦ ਜਤਾਈ ਕਿ ਟ੍ਰੋਇਕਾ ਪਲੱਸ ਗਰੁੱਪ ਅਫ਼ਗਾਨਿਸਤਾਨ ਦੀ ਅੰਤਰਿਮ ਸਰਕਾਰ ਲਈ ਮਦਦਗਾਰ ਹੋਵੇਗਾ ਅਤੇ ਅਫ਼ਗਾਨਿਸਤਾਨ ਦੀ ਧਰਤੀ ਤੋਂ ਅੱਤਵਾਦੀਆਂ ਨੂੰ ਖ਼ਤਮ ਕਰਨ ਵਿਚ ਭੂਮਿਕਾ ਨਿਭਾਏਗਾ।

ਇਹ ਵੀ ਪੜ੍ਹੋ : ਅਮਰੀਕਾ 'ਚ ਭਾਰਤੀ ਮੂਲ ਦੀ 22 ਸਾਲਾ ਵਿਦਿਆਰਥਣ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News