15 ਅਗਸਤ ਨੂੰ ਅਮਰੀਕਾ ਦੇ ਟਾਈਮਜ਼ ਸਕਵਾਇਰ 'ਤੇ ਲਹਿਰਾਇਆ ਜਾਵੇਗਾ 'ਤਿਰੰਗਾ'

Wednesday, Aug 11, 2021 - 06:26 PM (IST)

ਵਾਸ਼ਿੰਗਟਨ (ਬਿਊਰੋ): ਭਾਰਤ ਵਿਚ ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਮੌਕੇ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸ ਦਿਨ ਦੇ ਜਸ਼ਨ ਦੀਆਂ ਵੱਡੇ ਪੱਧਰ 'ਤੇ ਤਿਆਰੀਆਂ ਚੱਲ ਰਹੀਆਂ ਹਨ। ਇਹੀ ਨਹੀਂ ਦੁਨੀਆ ਦੇ ਸਾਰੇ ਦੇਸ਼ਾਂ ਵਿਚ ਰਹਿਣ ਵਾਲੇ ਪ੍ਰਵਾਸੀ ਭਾਰਤੀ ਵੀ ਆਜ਼ਾਦੀ ਦਿਹਾੜੇ ਦੀਆਂ ਕਾਫੀ ਉਤਸ਼ਾਹ ਨਾਲ ਤਿਆਰੀਆਂ ਕਰ ਰਹੇ ਹਨ। ਇਸ ਦਿਨ ਅਮਰੀਕਾ ਵਿਚ ਵੱਡੇ ਪੱਧਰ 'ਤੇ ਪ੍ਰੋਗਰਾਮ ਹੋਣਗੇ। ਇਸ ਵਾਰ ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਟਾਈਮਜ਼ ਸਕਵਾਇਰ 'ਤੇ ਸਭ ਤੋਂ ਵੱਡਾ ਤਿਰੰਗਾ ਲਹਿਰਾਉਣਗੇ।ਇਹ ਤਿਰੰਗਾ 6 ਫੁੱਟ ਚੌੜਾ ਅਤੇ 10 ਫੁੱਟ ਲੰਬਾ ਹੋਵੇਗਾ। ਪੋਲ ਦੀ ਉੱਚਾਈ 25 ਫੁੱਟ ਹੋਵੇਗੀ।

ਤਿਰੰਗੇ ਦੇ ਰੰਗ ਵਿਚ ਡੁੱਬੇਗੀ ਅੰਪਾਇਰ ਸਟੇਟ ਬਿਲਡਿੰਗ 
ਭਾਰਤੀ ਪ੍ਰਵਾਸੀਆਂ ਦੇ ਸੰਗਠਨ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ (ਐੱਫ.ਆਈ.ਏ.) ਨਿਊਯਾਰਕ, ਨਿਊ ਜਰਸੀ ਅਤੇ ਕਨੈਕਟੀਕਟ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਹੇ ਹਨ। ਟਾਈਮਜ਼ ਸਕਵਾਇਰ ਦੇ ਬਿੱਲ ਬੋਰਡ 'ਤੇ ਆਜ਼ਾਦੀ ਦਿਹਾੜੇ ਦਾ 24 ਘੰਟੇ ਪ੍ਰਦਰਸ਼ਨ ਹੋਵੇਗਾ। ਇਸ ਦੇ ਇਲਾਵਾ ਅਮਰੀਕਾ ਵਿਚ ਕਈ ਵੱਡੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। 15 ਅਗਸਤ ਨੂੰ ਅੰਪਾਇਰ ਸਟੇਟ ਬਿਲਡਿੰਗ ਨੂੰ ਭਾਰਤੀ ਤਿਰੰਗੇ ਦੇ ਤਿੰਨ ਰੰਗਾਂ ਦੀ ਰੌਸ਼ਨੀ ਨਾਲ ਸਜਾਇਆ ਜਾਵੇਗਾ।ਆਜ਼ਾਦੀ ਦਿਹਾੜੇ ਦੀ ਸਮਾਪਤੀ ਹਡਸਨ ਨਦੀ ਵਿਚ ਇਕ ਵੱਡੇ ਕਰੂਜ਼ 'ਤੇ ਸ਼ਾਨਦਾਰ ਰਾਤ ਦੇ ਭੋਜਨ ਨਾਲ ਹੋਵੇਗੀ। ਇਸ ਵਿਚ ਅਮਰੀਕੀ ਸਰਕਾਰ ਦੇ ਸੀਨੀਅਰ ਅਧਿਕਾਰੀ, ਵਿਸ਼ੇਸ਼ ਮਹਿਮਾਨ ਅਤੇ ਭਾਰਤੀ ਭਾਈਚਾਰੇ ਦੇ ਲੋਕ ਸ਼ਾਮਲ ਹੋਣਗੇ।

ਪੜ੍ਹੋ ਇਹ ਅਹਿਮ ਖਬਰ -ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਨੇ ਬਾਲਟੀਮੋਰ 'ਚ ਲਗਾਈ ਕਿਸਾਨ ਸੰਸਦ, ਕਈ ਮਤੇ ਕੀਤੇ ਪਾਸ

ਕੌਂਸਲੇਟ ਜਨਰਲ ਰੰਧੀਰ ਜੈਸਵਾਲ ਲਹਿਰਾਉਣਗੇ ਤਿਰੰਗਾ
ਪ੍ਰਵਾਸੀਆਂ ਦੇ ਸੰਗਠਨ ਐੱਫ.ਆਈ.ਏ. ਨੇ ਟਾਈਮਜ਼ ਸਕਵਾਇਰ 'ਤੇ ਪਿਛਲੇ ਸਾਲ ਵੀ ਤਿਰੰਗਾ ਲਹਿਰਾਇਆ ਸੀ। ਸੰਗਠਨ ਦੇ ਚੇਅਰਮੈਨ ਅੰਕੁਰ ਵੈਧ ਨੇ ਦੱਸਿਆ ਕਿ ਪਿਛਲੇ ਸਾਲ ਪਹਿਲੀ ਵਾਰ ਟਾਈਮਜ਼ ਸਕਵਾਇਰ 'ਤੇ ਤਿਰੰਗਾ ਲਹਿਰਾਇਆ ਗਿਆ ਸੀ। ਹੁਣ ਇਹ ਪਰੰਪਰਾ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਵਾਰ ਟਾਈਮਜ਼ ਸਕਵਾਇਰ 'ਤੇ ਤਿਰੰਗਾ ਭਾਰਤ ਦੇ ਨਿਊਯਾਰਕ ਦੇ ਜਨਰਲ ਕੌਂਸਲੇਟ ਰੰਧੀਰ ਜੈਸਵਾਲ ਲਹਿਰਾਉਣਗੇ। 


Vandana

Content Editor

Related News