ਫਰਿਜ਼ਨੋ ''ਚ ਸ਼ਹੀਦ ਊਧਮ ਸਿੰਘ ਅਤੇ ਮਦਨ ਲਾਲ ਢੀਂਗਰਾਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ
Tuesday, Aug 01, 2023 - 03:53 PM (IST)
ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ) - ਸਥਾਨਕ ਗਦਰੀ ਬਾਬਿਆਂ ਨੂੰ ਸਮਰਪਿਤ ਸੰਸਥਾ ਇੰਡੋ ਅਮੈਰੀਕਨ ਹੈਰੀਟੇਜ ਫੋਰਮ ਵੱਲੋਂ ਲੰਘੇ ਐਤਵਾਰ ਸ਼ਹੀਦ ਮਦਨ ਲਾਲ ਢੀਂਗਰਾਂ ਅਤੇ ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਫਰਿਜ਼ਨੋ ਦੇ ਇੰਡੀਆ ਓਵਨ ਰੈਸਟੋਰੈਂਟ ਵਿਖੇ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਨੇ ਪਾਣੀ ਦੀ ਕਿੱਲਤ, ਪੰਜਾਬੀ ਮਾਂ ਬੋਲੀ ਅਤੇ ਗੰਨ ਕੰਟਰੋਲ ਆਦਿ ਸਬੰਧਤ ਵਿਸ਼ਿਆਂ 'ਤੇ ਭਾਸ਼ਨ ਦਿੱਤੇ ਅਤੇ ਕਵਿਤਾਵਾਂ ਪੜ੍ਹੀਆਂ। ਇਸ ਮੌਕੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਗਰਾ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਸਮਾਗਮ ਵਿੱਚ ਭਾਗ ਲੈਣ ਵਾਲੇ ਕਵੀਆਂ ਅਤੇ ਬੱਚਿਆਂ ਨੂੰ ਫੋਰਮ ਵੱਲੋਂ ਸਨਮਾਨ ਚਿੰਨ੍ਹ ਦਿੱਤੇ ਗਏ। ਇਸ ਸਮਾਗਮ ਵਿੱਚ ਫਰਿਜ਼ਨੋ ਦੀਆਂ ਸਿਰਕੱਢ ਸ਼ਖਸੀਅਤਾ ਨੇ ਭਾਗ ਲੈ ਕੇ ਪ੍ਰੋਗਰਾਮ ਨੂੰ ਹੋਰ ਚਾਰ ਚੰਨ ਲਾਏ। ਇਸ ਮੌਕੇ ਡਾ. ਅਰਜਨ ਸਿੰਘ ਜੋਸ਼ਨ ਨੇ ਪਾਣੀ ਨੂੰ ਬਚਾਉਣ ਸਬੰਧੀ ਆਪਣੇ ਵਿਚਾਰ ਰੱਖੇ। ਸਟੇਜ ਸੰਚਾਲਨ ਹਰਜਿੰਦਰ ਢੇਸੀ ਨੇ ਬਾਖੂਬੀ ਕੀਤਾ। ਫੋਰਮ ਦੀ ਮਹਿਲਾ ਵਿੰਗ ਦੀ ਬੁਲਾਰਾ ਸ਼ਰਨਜੀਤ ਧਾਲੀਵਾਲ ਨੇ ਦੱਸਿਆ ਕਿ ਇਹੋ ਜਿਹੇ ਸਮਾਗਮ ਬੱਚਿਆਂ ਨੂੰ ਉਤਸ਼ਾਹਤ ਕਰਦੇ ਹਨ ਅਤੇ ਹੋਰ ਬੱਚਿਆਂ ਨੂੰ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਦੇ ਹਨ। ਇਸ ਮੌਕੇ ਆਂਚਲ ਕੌਰ ਹੇਅਰ, ਸ਼ਰਨਜੀਤ ਕੌਰ ਧਾਲੀਵਾਲ ਅਤੇ ਹੋਰ ਬੱਚੇ ਬੱਚੀਆਂ ਨੇ ਇਨਕਲਾਬੀ ਕਵਿਤਾਵਾਂ ਨਾਲ ਹਾਜ਼ਰੀ ਭਰੀ। ਜੱਜ ਦੀ ਭੁਮਿਕਾ ਵਿਚ ਡਾ. ਅਰਜਨ ਸਿੰਘ ਜੋਸ਼, ਡਾ. ਗੁਰਿੰਦਰ, ਰੇਜੀਓ ਹੋਸਟ ਸੰਤੋਖ ਸਿੰਘ ਮਨਿਹਾਸ ਅਤੇ ਸ਼ਾਇਰ ਹਰਜਿੰਦਰ ਕੰਗ ਨਜ਼ਰ ਆਏ। ਅਖੀਰ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।