ਕੈਨੇਡਾ ਨੇ ਦਿੱਤੀ ਗੁੱਡ ਨਿਊਜ਼, ਇਹ ਵੀਜ਼ਾ ਹੈ ਤਾਂ ਜਲਦ ਮਾਰ ਸਕੋਗੇ ਉਡਾਰੀ

Sunday, Mar 22, 2020 - 01:11 PM (IST)

ਓਟਾਵਾ : ਕੈਨੇਡਾ ਨੇ ਕੋਵਿਡ-19 ਨੂੰ ਰੋਕਣ ਲਈ ਸਾਰੇ ਤਰ੍ਹਾਂ ਦੀ ਗੈਰ-ਜ਼ਰੂਰੀ ਯਾਤਰਾ ਲਈ ਰਸਤਾ ਬੰਦ ਕਰ ਦਿੱਤਾ ਹੈ। ਹਾਲਾਂਕਿ, ਖੁਸ਼ੀ ਦੀ ਗੱਲ ਇਹ ਹੈ ਕਿ ਕੰਮ, ਪੜ੍ਹਾਹੀ ਜਾਂ ਜੋ ਪੀ. ਆਰ. ਯਾਨੀ ਪੱਕੇ ਤੌਰ 'ਤੇ ਰਹਿਣ ਦਾ ਕਾਰਡ ਮਿਲਣ 'ਤੇ ਪਹਿਲੀ ਵਾਰ ਕੈਨੇਡਾ ਜਾ ਰਹੇ ਹਨ ਉਨ੍ਹਾਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ। ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸ਼ਿਪ ਕੈਨੇਡਾ (ਆਈ. ਆਰ. ਸੀ. ਸੀ.) ਮੁਤਬਾਕ ਇਸ ਪਾਬੰਦੀ ਤੋਂ ਜਿਨ੍ਹਾਂ ਨੂੰ ਛੋਟ ਦਿੱਤੀ ਗਈ ਹੈ ਉਸ ਵਿਚ ਸੀਜ਼ਨਲ ਖੇਤੀਬਾੜੀ ਕਾਮੇ, ਫਿਸ਼ ਤੇ ਸੀਫੂਡ ਵਰਕਰ ਤੇ ਹੋਰ ਕੱਚੇ ਕਾਮੇ ਵੀ ਸ਼ਾਮਲ ਹਨ।

 

ਇਹ ਛੋਟ ਉਨ੍ਹਾਂ 'ਤੇ ਲਾਗੂ ਹੋਵੇਗੀ ਜੋ ਪਾਬੰਦੀ ਲਾਗੂ ਹੋਣ ਤੋਂ ਪਹਿਲਾਂ ਹੀ ਕੰਮ ਕਰਨ, ਪੜ੍ਹਨ ਜਾਂ ਕੈਨੇਡਾ ਨੂੰ ਆਪਣਾ ਘਰ ਬਣਾਉਣ ਲਈ ਮਨਜ਼ੂਰੀ ਪ੍ਰਾਪਤ ਕਰ ਚੁੱਕੇ ਹਨ ਤੇ ਹੁਣ ਤੱਕ ਕੈਨੇਡਾ ਦੀ ਯਾਤਰਾ ਨਹੀਂ ਕਰ ਸਕੇ ਹਨ। ਕੈਨੇਡਾ ਸਰਕਾਰ ਨੇ ਤਿੰਨ ਕਿਸਮ ਦੇ ਵਿਅਕਤੀਆਂ ਲਈ ਰੋਕੇ ਰਾਹ ਹੁਣ ਖੋਲ੍ਹ ਦਿੱਤੇ ਹਨ, ਯਾਨੀ ਜੇਕਰ ਤੁਹਾਡੇ ਕੋਲ ਕੈਨੇਡਾ ਦਾ ਇਹ ਵੀਜ਼ਾ ਹੈ ਤਾਂ ਤੁਹਾਨੂੰ ਜਲਦ ਹੀ ਖੁਸ਼ਖਬਰੀ ਮਿਲਣ ਵਾਲੀ ਹੈ।

ਇਨ੍ਹਾਂ ਲਈ ਖੁੱਲ੍ਹੇ ਰਾਹ-
1. ਵਿਦੇਸ਼ੀ ਆਰਜ਼ੀ ਸੀਜ਼ਨਲ ਖੇਤੀਬਾੜੀ ਕਾਮੇ, ਫਿਸ਼ ਤੇ ਸੀਫੂਡ ਵਰਕਰ।
2. ਵਿਦੇਸ਼ੀ ਵਿਦਿਆਰਥੀ, ਜਿਨ੍ਹਾਂ ਕੋਲ 18 ਮਾਰਚ 2020 ਤੋਂ ਪਹਿਲਾਂ ਦਾ ਪੜ੍ਹਾਈ ਵੀਜ਼ਾ ਹੈ।
3. ਪਹਿਲੀ ਵਾਰ ਕੈਨੇਡਾ ਆ ਰਹੇ ਪੀ. ਆਰ. ਹੋਏ ਲੋਕ, ਜਿਨ੍ਹਾਂ ਨੂੰ 16 ਮਾਰਚ 2020 ਤੋਂ ਪਹਿਲਾਂ ਲੈਂਡਿੰਗ ਪੇਪਰ ਮਿਲ ਗਏ ਸਨ।

ਹਾਲਾਂਕਿ, ਆਈ. ਆਰ. ਸੀ. ਸੀ. ਨੇ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਛੋਟ ਤਹਿਤ ਕੈਨੇਡਾ ਆਉਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਤੁਰੰਤ ਯਾਤਰਾ ਨਹੀਂ ਕਰਨੀ ਚਾਹੀਦੀ। ਸਰਕਾਰ ਇਸ ਦਾ ਰਸਮੀ ਤੌਰ 'ਤੇ ਐਲਾਨ ਕਰੇਗੀ ਕਿ ਇਹ ਛੋਟਾਂ ਕਦੋਂ ਲਾਗੂ ਹੋਣਗੀਆਂ। ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਉਮੀਦ ਜਤਾਈ ਹੈ ਕਿ ਅਗਲੇ ਹਫਤੇ ਤੱਕ ਇਸ ਬਾਰੇ ਐਲਾਨ ਹੋ ਸਕਦਾ ਹੈ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕੈਨੇਡਾ ਪਹੁੰਚਣ ਤੋਂ ਬਾਅਦ ਤੁਹਾਨੂੰ 14 ਦਿਨਾਂ ਲਈ ਵੱਖਰੇ ਵੀ ਰਹਿਣਾ ਹੋਵੇਗਾ।
 


Sanjeev

Content Editor

Related News