ਸਪੇਨ ’ਚ ਇੱਕ ਤੋਂ ਬਾਅਦ ਇੱਕ ਰੇਲ ਹਾਦਸੇ; ਤੀਜੀ ਵਾਰ ਕ੍ਰੇਨ ਨਾਲ ਟਕਰਾਈ ਪੈਸੰਜਰ ਟ੍ਰੇਨ, ਕਈ ਜ਼ਖਮੀ
Saturday, Jan 24, 2026 - 08:14 AM (IST)
ਮੈਡ੍ਰਿਡ (ਇੰਟ.) : ਦੱਖਣੀ-ਪੂਰਬੀ ਸਪੇਨ ਦੇ ਕਾਰਟਾਜੇਨਾ ਸ਼ਹਿਰ ’ਚ ਬੀਤੇ ਵੀਰਵਾਰ ਨੂੰ ਇਕ ਕਮਿਊਟਰ ਟਰੇਨ ਨਿਰਮਾਣ ਕਾਰਜ ’ਚ ਲੱਗੀ ਕ੍ਰੇਨ ਨਾਲ ਟਕਰਾਅ ਗਈ। ਹਾਦਸੇ ’ਚ ਕਈ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਾਰਟਾਜੇਨਾ ਦੀ ਇਹ ਘਟਨਾ ਸਪੇਨ ’ਚ ਹਾਲ ਹੀ ਦੇ ਦਿਨਾਂ ਵਿਚ ਹੋਏ ਰੇਲ ਹਾਦਸਿਆਂ ਦੀ ਲੜੀ ਦਾ ਹਿੱਸਾ ਹੈ।
ਜਾਣਕਾਰੀ ਮੁਤਾਬਕ, ਇੰਡਾਲੂਸੀਆ ’ਚ ਹਾਈ-ਸਪੀਡ ਟਰੇਨ ਹਾਦਸੇ ’ਚ ਘੱਟੋ-ਘੱਟ 43 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਕੈਟਾਲੋਨੀਆ ’ਚ ਇਸੇ ਹਫ਼ਤੇ ਹੋਏ ਹਾਦਸੇ ਵਿਚ ਇਕ ਟਰੇਨ ਡਰਾਈਵਰ ਦੀ ਜਾਨ ਚਲੀ ਗਈ। ਇਨ੍ਹਾਂ ਘਟਨਾਵਾਂ ਨੇ ਰੇਲ ਸੁਰੱਖਿਆ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸਪੇਨ ਦੀ ਰੇਲ ਇਨਫ੍ਰਾਸਟਰੱਕਚਰ ਕੰਪਨੀ ‘ਐਡਿਫ’ ਨੇ ਆਨਲਾਈਨ ਬਿਆਨ ’ਚ ਦੱਸਿਆ ਕਿ ਇਕ ਟਰੇਨ ਕ੍ਰੇਨ ਨਾਲ ਟਕਰਾ ਗਈ ਸੀ, ਜਿਸ ਕਾਰਨ ਟਰੇਨ ਆਵਾਜਾਈ ਰੋਕਣੀ ਪਈ। ਹਾਲਾਂਕਿ, ਇਹ ਅਜੇ ਤੱਕ ਸਾਫ਼ ਨਹੀਂ ਹੋ ਸਕਿਆ ਹੈ ਕਿ ਕ੍ਰੇਨ ਟਰੈਕ ਤੱਕ ਕਿਵੇਂ ਪਹੁੰਚੀ ਅਤੇ ਕੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਹੋਈ ਸੀ।
ਇਹ ਵੀ ਪੜ੍ਹੋ : ਗ੍ਰੀਨਲੈਂਡ ਪਹੁੰਚੀ ਡੈਨਮਾਰਕ ਦੀ ਪ੍ਰਧਾਨ ਮੰਤਰੀ, ਆਈਲੈਂਡ ਦੇ ਭਵਿੱਖ 'ਤੇ ਹੋਵੇਗੀ ਵੱਡੀ ਚਰਚਾ
ਟ੍ਰੇਨ ਡਰਾਈਵਰਾਂ ਨੇ ਕੀਤਾ ਹੜਤਾਲ ਦਾ ਐਲਾਨ
ਲਗਾਤਾਰ ਹੋ ਰਹੇ ਹਾਦਸਿਆਂ ਤੋਂ ਬਾਅਦ ਸਪੇਨ ਦੇ ਟਰੇਨ ਡਰਾਈਵਰਾਂ ਨੇ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਡਰਾਈਵਰਾਂ ਦੀ ਯੂਨੀਅਨ ਐੱਸ. ਈ. ਐੱਮ. ਏ. ਐੱਫ. ਨੇ ਕਿਹਾ ਕਿ ਐਡਾਮੁਜ ਅਤੇ ਗੇਲਿਦਾ ’ਚ ਹੋਏ ਘਾਤਕ ਹਾਦਸੇ “ਟਰਨਿੰਗ ਪੁਆਇੰਟ” ਹਨ। ਯੂਨੀਅਨ ਨੇ 9, 10 ਅਤੇ 11 ਫਰਵਰੀ ਨੂੰ 3 ਦਿਨਾਂ ਦੀ ਹੜਤਾਲ ਬੁਲਾਉਣ ਦਾ ਫੈਸਲਾ ਕੀਤਾ ਹੈ। ਸਪੇਨ ਦੇ ਆਵਾਜਾਈ ਮੰਤਰੀ ਆਸਕਰ ਪੁਏਂਤੇ ਨੇ ਕਿਹਾ ਕਿ ਉਹ ਡਰਾਈਵਰਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ, ਪਰ ਪੂਰੇ ਦੇਸ਼ ਵਿਚ ਆਮ ਹੜਤਾਲ ਨੂੰ ਸਹੀ ਜਵਾਬ ਨਹੀਂ ਮੰਨਦੇ।
