ਪਾਕਿ ’ਚ ਵਪਾਰੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੇ ਦੋਸ਼ ’ਚ ਪੁਲਸ ਮੁਲਾਜ਼ਮ ਤੇ ਬਰਖ਼ਾਸਤ ਹੌਲਦਾਰ ਗ੍ਰਿਫ਼ਤਾਰ
Wednesday, Aug 25, 2021 - 12:09 PM (IST)
ਕਰਾਚੀ (ਬਿਊਰੋ)– ਇਥੇ ਇਕ ਵਪਾਰੀ ਨੂੰ ਅਗਵਾ ਕਰਨ ਦੀ ਕੋਸ਼ਿਸ ਤੇ ਉਸ ਦੀ ਰਿਹਾਈ ਲਈ 20 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ’ਚ ਇਕ ਸੇਵਾ-ਮੁਕਤ ਪੁਲਸ ਮੁਲਾਜ਼ਮ, ਹਾਲ ਹੀ ’ਚ ਬਰਖ਼ਾਸਤ ਹੌਲਦਾਰ ਤੇ ਤਿੰਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਸ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (ਐੱਸ. ਆਈ. ਯੂ.) ਦੇ ਕੈਪਟਰ ਹੈਦਰ ਰਜ਼ਾ ਦੇ ਹਵਾਲੇ ਤੋਂ ਡਾਅਨ ਨਿਊਜ਼ ਨੇ ਕਿਹਾ ਕਿ ਐੱਸ. ਆਈ. ਯੂ. ਦੇ ‘ਬਰਖ਼ਾਸਤ ਕਾਂਸਟੇਬਲ’, ਜ਼ਿਲਾ ਪੂਰਬੀ ਦੇ ਇਕ ਸੇਵਾ-ਮੁਕਤ ਪੁਲਸ ਮੁਲਾਜ਼ਮ ਤੇ ਤਿੰਨ ਨਾਗਰਿਕਾਂ ਨੇ 17 ਅਗਸਤ ਦੀ ਰਾਤ ਨੂੰ ਇਕ ਵਪਾਰੀ ਨੂੰ ਅਗਵਾ ਕਰ ਲਿਆ ਸੀ ਤੇ 20 ਲੱਖ ਰੁਪਏ ਦੀ ਮੰਗ ਕੀਤੀ ਸੀ।
ਅਖ਼ਬਾਰ ਨੇ ਦੱਸਿਆ ਕਿ ਉਹ ਵਪਾਰੀ ਨੂੰ ਇਕ ਨਿੱਜੀ ਕਾਰ ’ਚ ਲਿਜਾ ਰਹੇ ਸਨ, ਜਦੋਂ ਟੀਪੂ ਸੁਲਤਾਨ ਪੁਲਸ ਥਾਣੇ ਦੇ ਇਕ ਗਸ਼ਤੀ ਦਲ ਨੇ ਉਨ੍ਹਾਂ ਨੂੰ ਰਸਤੇ ’ਚ ਰੋਕ ਲਿਆ।
ਅਗਵਾ ਹੋਏ ਵਪਾਰੀ ਨੇ ਰੌਲਾ ਪਾਇਆ ਤੇ ਪੁਲਸ ਮੁਲਾਜ਼ਮਾਂ ਦਾ ਧਿਆਨ ਖਿੱਚਿਆ। ਪੁਲਸ ਨੇ ਉਸ ਦੀ ਰਿਹਾਈ ਯਕੀਨੀ ਕੀਤੀ ਤੇ ਉਕਤ ਪੰਜਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਨੂੰ ਅੱਗੇ ਦੀ ਕਾਨੂੰਨੀ ਕਾਰਵਾਈ ਲਈ ਡਿਫੈਂਸ ਪੁਲਸ ਨੂੰ ਸੌਂਪ ਦਿੱਤਾ ਗਿਆ ਸੀ।
ਨਾਮ ਨਾ ਛਾਪਣ ਦੀ ਸ਼ਰਤ ’ਤੇ ਇਕ ਹੋਰ ਅਧਿਕਾਰੀ ਨੇ ਡਾਅਨ ਨਿਊਜ਼ ਨੂੰ ਦੱਸਿਆ ਕਿ ਉਕਤ ਦੋਸ਼ੀਆਂ ਨੇ ਅਗਵਾ ਕੀਤੇ ਵਪਾਰੀ ਦੇ ਖ਼ਾਤੇ ’ਚੋਂ ਉਸ ਦੇ ਏ. ਟੀ. ਐੱਮ. ਕਾਰਡ ਰਾਹੀਂ 50 ਹਜ਼ਾਰ ਰੁਪਏ ਕਢਵਾਏ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।