ਵਾਇਰਸ ਨੂੰ ਕੰਟਰੋਲ ਕਰਨ ਲਈ ਸਖ਼ਤ ਰਣਨੀਤੀ ਕਾਰਨ ਚੀਨ ਦਾ ਮਹਾਮਾਰੀ ਤੋਂ ਬਾਹਰ ਨਿਕਲਣਾ ਹੋ ਸਕਦੈ ਮੁਸ਼ਕਲ
Saturday, Jan 22, 2022 - 05:25 PM (IST)
ਤਾਈਪੇ (ਭਾਸ਼ਾ)- ਚੀਨ ਵਿਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਨੂੰ ਘੱਟ ਰੱਖਣ ਅਤੇ ਆਰਥਿਕਤਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਸਤੇਮਾਲ ਕੀਤੀ ਜਾ ਰਹੀ ਸਖ਼ਤ ਰਣਨੀਤੀ ਨਾਲ ਦੇਸ਼ ਲਈ ਮਹਾਮਾਰੀ ਤੋਂ ਬਾਹਰ ਆਉਣਾ ਮੁਸ਼ਕਲ ਹੋ ਸਕਦਾ ਹੈ। ਜ਼ਿਆਦਾਤਰ ਮਾਹਰਾਂ ਦਾ ਕਹਿਣਾ ਹੈ ਕਿ ਦੁਨੀਆ ਭਰ ਵਿਚੋਂ ਕੋਰੋਨਾ ਵਾਇਰਸ ਖ਼ਤਮ ਨਹੀਂ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਆਖਰਕਾਰ ਫਲੂ ਵਾਂਗ ਬਣ ਸਕਦਾ ਹੈ ਜੋ ਕਿ ਬਣਿਆ ਰਹੇਗਾ ਪਰ ਇਸ ਦੇ ਖ਼ਤਰੇ ਨੂੰ ਟੀਕਿਆਂ ਰਾਹੀਂ ਘੱਟ ਕੀਤਾ ਜਾ ਸਕਦਾ ਹੈ। ਯੂਕੇ ਅਤੇ ਯੂ.ਐਸ. ਵਰਗੇ ਦੇਸ਼ਾਂ ਵਿਚ, ਜਿਥੇ ਓਮੀਕਰੋਨ ਲਹਿਰ ਦੇ ਬਾਵਜੂਦ ਮੁਕਾਬਲਤਨ ਹਲਕੀ ਪਾਬੰਦੀਆਂ ਹਨ।
ਚੀਨ ਵਿਚ 2 ਹਫ਼ਤਿਆਂ ਵਿਚ ਬੀਜਿੰਗ ਵਿੰਟਰ ਓਲੰਪਿਕ ਖੇਡਾਂ ਸ਼ੁਰੂ ਹੋਣ ਵਾਲੀਆਂ ਹਨ ਅਤੇ ਦੇਸ਼ ਉਸ ਸਮੇਂ ਦੌਰਾਨ ਅੰਤਰਰਾਸ਼ਟਰੀ ਪੱਧਰ ’ਤੇ ਚਰਚਾ ਵਿਚ ਰਹੇਗਾ ਪਰ ਇਹ ਗਤੀਸ਼ੀਲ ਨਹੀਂ ਦਿਖਾਈ ਦੇ ਰਿਹਾ ਹੈ। ਚੀਨ ਵਿਚ ਬਹੁਤੇ ਲੋਕ ਕਦੇ ਵੀ ਵਾਇਰਸ ਦੇ ਸੰਪਰਕ ਵਿਚ ਨਹੀਂ ਆਏ ਹਨ। ਨਾਲ ਹੀ, ਚੀਨ ਦੇ ਸਭ ਤੋਂ ਵਿਆਪਕ ਰੂਪ ਨਾਲ ਵਰਤੇ ਜਾਂਦੇ ਟੀਕਿਆਂ ਦੀ ਪ੍ਰਭਾਵਸ਼ੀਲਤਾ ’ਤੇ ਸਵਾਲ ਉਠਾਏ ਗਏ ਹਨ। ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਦੀ ਇਮਊਨੋਲੋਜਿਸਟ ਡਾ. ਵਿਨੀਤਾ ਬਲ ਨੇ ਕਿਹਾ, ‘ਚੀਨ ਵਿਚ ਪ੍ਰਕੋਪ ਜ਼ਿਆਦਾ ਹੋਣ ਦਾ ਖ਼ਦਸ਼ਾ ਹੈ, ਕਿਉਂਕਿ ਸਖ਼ਤ ਉਪਾਵਾਂ ਦੇ ਕਾਰਨ ਜ਼ਿਆਦਾਤਰ ਲੋਕ ਵਾਇਰਸ ਦੇ ਸੰਪਰਕ ਵਿਚ ਨਹੀਂ ਆਏ ਹਨ, ਇਸ ਤਰ੍ਹਾਂ ਹਾਈਬ੍ਰਿਡ ਇਮਿਊਨਿਟੀ ਦੀ ਘਾਟ ਹੈ।’
ਉਨ੍ਹਾਂ ਕਿਹਾ, ‘ਚੀਨ ਵਿਚ ਅਜੇ ਖ਼ਤਰਾ ਬਣਿਆ ਹੋਇਆ ਹੈ, ਕਿਉਂਕਿ ਓਮੀਕਰੋਨ ਵਿਸ਼ਵ ਪੱਧਰ ’ਤੇ ਫੈਲ ਰਿਹਾ ਹੈ, ਅਤੇ ਭਾਵੇਂ ਹੀ ਇਹ ਵੇਰੀਐਂਟ ਗੰਭੀਰ ਬਿਮਾਰੀ ਦਾ ਕਾਰਨ ਨਹੀਂ ਬਣਦਾ ਪਰ ਇਹ ਜੰਗਲ ਦੀ ਅੱਗ ਵਾਂਗ ਫੈਲ ਜਾਵੇਗਾ।’ ਸ਼ਿਕਾਗੋ ਯੂਨੀਵਰਸਿਟੀ ਵਿਚ ਚੀਨੀ ਰਾਜਨੀਤੀ ਦਾ ਅਧਿਐਨ ਕਰਨ ਵਾਲੇ ਪ੍ਰੋ. ਡਾਲੀ ਯਾਂਗ ਨੇ ਕਿਹਾ ਕਿ ਇਹ ਨੇਤਾਵਾਂ ਲਈ ਇੱਕ ਵੱਡੀ ਚੁਣੌਤੀ ਹੈ, ਖ਼ਾਸ ਕਰਕੇ ਜਾਨਾਂ ਬਚਾਉਣ ਦੇ ਸਬੰਧ ਵਿਚ। ਹਾਂਗਕਾਂਗ ਦੀ ਚੀਨੀ ਯੂਨੀਵਰਸਿਟੀ ਵਿਚ ਚੀਨੀ ਰਾਜਨੀਤਕ ਲੀਡਰਸ਼ਿਪ ਦੇ ਮਾਹਰ ਵਿਲੀ ਲੈਮ ਨੇ ਕਿਹਾ, ‘ਜੇਕਰ ਕੋਵਿਡ ਮਾਮਲਿਆਂ ਦੀ ਗਿਣਤੀ ਵਿਚ ਵੱਡੇ ਪੱਧਰ ’ਤੇ ਵਾਧਾ ਹੁੰਦਾ ਹੈ, ਤਾਂ ਇਹ ਉਨ੍ਹਾਂ ਦੀ ਲੀਡਰਸ਼ਿਪ ’ਤੇ ਬੁਰੀ ਤਰ੍ਹਾਂ ਪ੍ਰਤੀਬਿੰਬਤ ਹੋਵੇਗਾ।’