ਟੋਰਾਂਟੋ ''ਚ ਕੋਰੋਨਾ ਕਾਰਨ ਹੁਣ ਤੱਕ 2 ਹਜ਼ਾਰ ਲੋਕਾਂ ਦੀ ਗਈ ਜਾਨ

Friday, Jan 08, 2021 - 02:12 PM (IST)

ਟੋਰਾਂਟੋ ''ਚ ਕੋਰੋਨਾ ਕਾਰਨ ਹੁਣ ਤੱਕ 2 ਹਜ਼ਾਰ ਲੋਕਾਂ ਦੀ ਗਈ ਜਾਨ

ਟੋਰਾਂਟੋ- ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਕੋਰੋਨਾ ਕਾਰਨ ਹੁਣ ਤੱਕ 2000ਲੋਕਾਂ ਦੀ ਮੌਤ ਹੋ ਚੁੱਕੀ ਹੈ। ਵੀਰਵਾਰ ਨੂੰ ਇੱਥੇ 29 ਹੋਰ ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦਾ ਅੰਕੜਾ 2 ਹਜ਼ਾਰ ਨੂੰ ਪਾਰ ਕਰ ਗਿਆ ਅਤੇ 2,017 ਤੱਕ ਪੁੱਜ ਗਿਆ। 

ਇੱਥੇ 6 ਮਹੀਨਿਆਂ ਅੰਦਰ ਇਕ ਹਜ਼ਾਰ ਲੋਕਾਂ ਨੇ ਕੋਰੋਨਾ ਕਾਰਨ ਦਮ ਤੋੜਿਆ। ਸ਼ਹਿਰ ਦੇ ਮੇਅਰ ਜੌਹਨ ਟੋਰੀ ਨੇ ਕਿਹਾ, "ਬਹੁਤ ਦੁੱਖ ਦੀ ਗੱਲ ਹੈ ਕਿ ਕੋਰੋਨਾ ਸਾਡੇ ਕੋਲੋਂ ਸਾਡੇ ਪਰਿਵਾਰ ਵਾਲਿਆਂ ਦੀਆਂ ਜ਼ਿੰਦਗੀਆਂ ਨੂੰ ਖੋਹ ਕੇ ਲੈ ਗਿਆ ਹੈ ਤੇ ਕਈ ਜ਼ਿੰਦਗੀ ਤੇ ਮੌਤ ਵਿਚਕਾਰ ਜੂਝ ਰਹੇ ਹਨ। ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਸਿਹਤ ਅਧਿਕਾਰੀਆਂ ਵਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਮਾਸਕ ਲਗਾ ਕੇ ਹੀ ਘਰੋਂ ਬਾਹਰ ਨਿਕਲਿਆ ਜਾਵੇ। ਅਸੀਂ ਵਿੱਛੜ ਚੁੱਕੀਆਂ ਰੂਹਾਂ ਦੇ ਪਰਿਵਾਰਾਂ, ਦੋਸਤਾਂ ਤੇ ਗੁਆਂਢੀਆਂ ਨਾਲ ਦੁੱਖ ਸਾਂਝਾ ਕਰਦੇ ਹਾਂ।" 

ਉਨ੍ਹਾਂ ਨੇ ਸਿਹਤ ਕਾਮਿਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਕਈ ਜ਼ਿੰਦਗੀਆਂ ਨੂੰ ਮੌਤ ਦੇ ਮੂੰਹ ਵਿਚ ਪੈਣ ਤੋਂ ਬਚਾਅ ਲਿਆ। ਟੋਰਾਂਟੋ ਪਬਲਿਕ ਹੈਲਥ ਦੀ ਰਿਪੋਰਟ ਮੁਤਾਬਕ ਵੀਰਵਾਰ ਨੂੰ 941 ਨਵੇਂ ਮਾਮਲੇ ਦਰਜ ਹੋਏ ਤੇ 37 ਹੋਰ ਲੋਕਾਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ। ਦੱਸ ਦਈਏ ਕਿ ਓਂਟਾਰੀਓ ਸੂਬੇ ਵਿਚ ਸਭ ਤੋਂ ਵੱਧ ਕੋਰੋਨਾ ਮਾਮਲੇ ਟੋਰਾਂਟੋ ਸ਼ਹਿਰ ਦੇ ਹੀ ਹਨ। ਸੂਬੇ ਵਿਚ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਸ਼ੁਰੂ ਹੋ ਗਈ ਹੈ ਤੇ ਆਸ ਕੀਤੀ ਜਾ ਰਹੀ ਹੈ ਕਿ ਕੋਰੋਨਾ ਦੇ ਸਭ ਤੋਂ ਵੱਧ ਮਾਮਲਿਆਂ ਵਾਲੇ ਸ਼ਹਿਰਾਂ ਵਿਚ 21 ਜਨਵਰੀ ਤੋਂ ਪਹਿਲਾਂ ਲਾਂਗ ਟਰਮ ਕੇਅਰ ਸੈਂਟਰਾਂ ਦੇ ਵਸਨੀਕਾਂ ਤੇ ਸਟਾਫ਼ ਨੂੰ ਕੋਰੋਨਾ ਟੀਕਾ ਲਾਇਆ ਜਾਵੇਗਾ। 
 


author

Lalita Mam

Content Editor

Related News