ਟੋਰਾਂਟੋ : ਆਨਲਾਈਨ ਦੋਸਤੀ ਮਗਰੋਂ ਕੁੜੀ ਨੂੰ ਬੁਲਾ ਕੇ ਨੌਜਵਾਨ ਨੇ ਕੀਤੀ ਇਹ ਹਰਕਤ
Saturday, Sep 12, 2020 - 03:31 PM (IST)

ਟੋਰਾਂਟੋ- ਕੈਨੇਡਾ ਦੇ ਸ਼ਹਿਰ ਟੋਰਾਂਟੋ ਦੀ ਪੁਲਸ ਨੇ ਇਕ 34 ਸਾਲਾ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਹੈ, ਜਿਸ ਨੇ ਕਿ ਆਪਣੀ ਆਨਲਾਈਨ ਦੋਸਤ ਨੂੰ ਬਾਰ ਵਿਚ ਬੁਲਾਇਆ ਤੇ ਫਿਰ ਉਸ ਦੀ ਡਰਿੰਕ ਵਿਚ ਨਸ਼ੀਲਾ ਪਦਾਰਥ ਮਿਲਾ ਦਿੱਤਾ। ਸ਼ੱਕ ਹੈ ਕਿ ਉਹ ਕੁੜੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਵਿਚ ਸੀ।
ਟੋਰਾਂਟੋ ਪੁਲਸ ਮੁਤਾਬਕ 6 ਸਤੰਬਰ ਨੂੰ ਇਕ ਕੁੜੀ ਇਸ ਨੌਜਵਾਨ ਨੂੰ ਮਿਲਣ ਆਈ, ਜੋ ਕਿ ਉਸ ਨੂੰ ਆਨਲਾਈਲ ਡੇਟਿੰਗ ਐਪ 'ਤੇ ਮਿਲੀ ਸੀ। ਇਹ ਦੋਵੇਂ ਇਕ ਬਾਰ ਵਿਚ ਮਿਲੇ ਤੇ ਜਦ ਕੁੜੀ ਬਾਥਰੂਮ ਗਈ ਤਾਂ ਨੌਜਵਾਨ ਨੇ ਉਸ ਦੀ ਡਰਿੰਕ ਵਿਚ ਕੋਈ ਚੀਜ਼ ਮਿਲਾ ਦਿੱਤੀ। ਜਦ ਕੁੜੀ ਵਾਪਸ ਆ ਕੇ ਇਹ ਪੀਣ ਲੱਗੀ ਤਾਂ ਬਾਰ ਵਿਚ ਕੁਝ ਲੋਕਾਂ ਨੇ ਉਸ ਨੂੰ ਇਹ ਨਾ ਪੀਣ ਦੀ ਸਲਾਹ ਦਿੱਤੀ। ਇਸ ਮਗਰੋਂ ਪੁਲਸ ਨੂੰ ਸੱਦਿਆ ਗਿਆ।
ਅਗਲੇ ਦਿਨ ਪੁਲਸ ਨੇ ਡਰਿੰਕ ਵਿਚ ਮਿਲਾਏ ਗਏ ਪਦਾਰਥ ਦੀ ਪਛਾਣ ਕਰ ਲਈ ਤੇ ਟੋਰਾਂਟੋ ਵਾਸੀ ਨਿੱਕੀ ਸ਼ੇਕਰੀ ਨੇ ਆਪਣੇ-ਆਪ ਨੂੰ ਪੁਲਸ ਹਵਾਲੇ ਕਰ ਦਿੱਤਾ। ਉਸ 'ਤੇ ਇਕ ਕੁੜੀ ਦੀ ਡਰਿੰਕ ਵਿਚ ਨਸ਼ੀਲਾ ਪਦਾਰਥ ਘੋਲ ਕੇ ਗਲਤ ਹਰਕਤ ਕਰਨ ਦੇ ਸ਼ੱਕ ਤਹਿਤ ਦੋਸ਼ ਲੱਗਾ ਹੈ। ਇਸ ਨੌਜਵਾਨ ਨੂੰ 15 ਅਕਤੂਬਰ ਨੂੰ ਓਲਟ ਸਿਟੀ ਹਾਲ ਦੀ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ।