ਅਮਰੀਕਾ ''ਚ ਤੂਫਾਨ ਦਾ ਕਹਿਰ, ਇਕ ਦੀ ਮੌਤ ਤੇ 20 ਜ਼ਖਮੀ
Tuesday, Dec 04, 2018 - 12:16 PM (IST)

ਵਾਸ਼ਿੰਗਟਨ(ਏਜੰਸੀ)— ਅਮਰੀਕਾ 'ਚ ਭਿਆਨਕ ਤੂਫਾਨ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਇਸ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਅਤੇ 20 ਵਿਅਕਤੀ ਜ਼ਖਮੀ ਹੋ ਗਏ। ਸ਼ੁੱਕਰਵਾਰ ਤੋਂ ਮੌਸਮ ਖਰਾਬ ਚੱਲ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਮਿਸੌਰੀ ਸੂਬੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ।
ਮੌਸਮ ਦੀ ਜਾਣਕਾਰੀ ਦੇਣ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ ਇਲੀਨੋਇਸ, ਮਿਸੌਰੀ, ਓਕਲਾਹੋਮਾ ਅਤੇ ਅਰਕਾਨਸਾਸ ਸੂਬਿਆਂ 'ਚ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ।
ਲੋਕਾਂ ਦੇ ਘਰ ਅਤੇ ਵਾਹਨ ਆਦਿ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਇਸ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਲੀਨੋਇਸ ਸੂਬੇ 'ਚ 1957 ਤੋਂ ਬਾਅਦ ਹੁਣ ਭਾਰੀ ਤੂਫਾਨ ਆਇਆ ਹੈ।
ਜ਼ਖਮੀਆਂ ਨੂੰ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਟਾਇਲੋਰਵਿਲੇ ਮੈਮੋਰੀਅਲ ਹਸਪਤਾਲ 'ਚ 9 ਤੋਂ 97 ਸਾਲ ਤਕ ਦੇ ਜ਼ਖਮੀਆਂ ਦਾ ਇਲਾਜ ਹੋ ਰਿਹਾ ਹੈ। ਸੂਬੇ ਅਰਕਾਨਸਾਸ 'ਚ ਤਾਂ 3 ਤੂਫਾਨ ਉੱਠੇ, ਜਿਨ੍ਹਾਂ 'ਚੋਂ ਇਕ ਤੇਜ਼ ਸੀ। ਇਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ। ਰਸਤਿਆਂ 'ਚ ਦਰੱਖਤ ਡਿੱਗੇ ਹੋਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੇ ਘਰਾਂ ਅੱਗੇ ਖੜ੍ਹੇ ਵਾਹਨ ਬੁਰੀ ਤਰ੍ਹਾਂ ਨਾਲ ਟੁੱਟ ਗਏ। ਕਾਫੀ ਸਮੇਂ ਤਕ ਲੋਕ ਘਰਾਂ 'ਚ ਹੀ ਬੰਦ ਰਹੇ।