ਨੇਪਾਲ ਦੇ ਸੱਤਾਧਾਰੀ ਦਲ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਓਲੀ ਦਾ ਮੰਗਿਆ ਅਸਤੀਫਾ

06/30/2020 10:43:57 PM

ਕਾਠਮੰਡੂ (ਭਾਸ਼ਾ): ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੀ ਵਿਵਾਦਿਤ ਟਿੱਪਣੀ ਦੇ ਲਈ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਦੇ ਚੋਟੀ ਦੇ ਨੇਤਾਵਾਂ ਨੇ ਮੰਗਲਵਾਰ ਨੂੰ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ। ਓਲੀ ਨੇ ਹਾਲ ਵਿਚ ਕਿਹਾ ਸੀ ਕਿ ਨੇਪਾਲ ਦੇ ਨਵੇਂ ਸਿਆਸੀ ਮਾਨਚਿੱਤਰ ਦੇ ਪ੍ਰਕਾਸ਼ਨ ਤੋਂ ਬਾਅਦ ਉਨ੍ਹਾਂ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।

ਬਾਲੁਵਾਟਰ ਵਿਚ ਪ੍ਰਧਾਨ ਮੰਤਰੀ ਦੀ ਅਧਿਕਾਰਿਤ ਰਿਹਾਇਸ਼ 'ਤੇ ਸੱਤਾਧਾਰੀ ਪਾਰਟੀ ਦੀ ਸਥਾਈ ਕਮੇਟੀ ਦੀ ਬੈਠਕ ਸ਼ੁਰੂ ਹੁੰਦੇ ਹੋਏ ਹੀ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ 'ਪ੍ਰਚੰਡ' ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਵਲੋਂ ਕੀਤੀ ਗਈ ਟਿੱਪਣੀ ਦੇ ਲਈ ਉਨ੍ਹਾਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਨੂੰ ਹਟਾਉਣ ਦੀ ਸਾਜ਼ਿਸ਼ ਕਰ ਰਿਹਾ ਹੈ, ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਨਾ ਤਾਂ ਸਿਆਸੀ ਤੌਰ 'ਤੇ ਠੀਕ ਹੈ ਤੇ ਨਾ ਹੀ ਕੂਟਨੀਤਿਕ ਤੌਰ 'ਤੇ ਸਹੀ ਹੈ। ਉਨ੍ਹਾਂ ਨੇ ਸਾਵਧਾਨ ਕੀਤਾ ਕਿ ਪ੍ਰਧਾਨ ਮੰਤਰੀ ਵਲੋਂ ਇਸ ਤਰ੍ਹਾਂ ਦੇ ਬਿਆਨ ਦੇਣ ਨਾਲ ਗੁਆਂਢੀ ਦੇਸ਼ ਨਾਲ ਸਾਡੇ ਸਬੰਧ ਖਰਾਬ ਹੋ ਸਕਦੇ ਹਨ। ਪ੍ਰਧਾਨ ਮੰਤਰੀ ਓਲੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਹਟਾਉਣ ਲਈ ਦੂਤਘਰਾਂ ਤੇ ਹੋਟਲਾਂ ਵਿਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੇਪਾਲ ਦੇ ਕੁਝ ਨੇਤਾ ਵੀ ਇਸ ਵਿਚ ਸ਼ਾਮਲ ਹਨ। ਇਕ ਸੀਨੀਅਰ ਨੇਤਾ ਨੇ ਪ੍ਰਚੰਡ ਦੇ ਹਵਾਲੇ ਨਾਲ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਗੁਆਂਢੀ ਦੇਸ਼ ਤੇ ਆਪਣੀ ਹੀ ਪਾਰਟੀ ਦੇ ਨੇਤਾਵਾਂ 'ਤੇ ਦੋਸ਼ ਲਗਾਉਣਾ ਠੀਕ ਗੱਲ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਪ੍ਰਚੰਡ ਤੋਂ ਇਲਾਵਾ ਸੀਨੀਅਰ ਨੇਤਾ ਮਾਧਵ ਕੁਮਾਰ ਨੇਪਾਲ, ਝਾਲਾਨਾਥ ਖਨਲ, ਉਪ-ਪ੍ਰਧਾਨ ਬਮਦੇਵ ਗੌਤਮ ਤੇ ਬੁਲਾਰੇ ਨਾਰਾਇਣਕਾਜੀ ਸ਼੍ਰੇਸ਼ਠ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਦੋਸ਼ਾਂ ਨੂੰ ਲੈ ਕੇ ਸਬੂਤ ਦੇਣ ਤੇ ਤਿਆਗਪੱਤਰ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਦੀ ਟਿੱਪਣੀ ਦੇ ਲਈ ਨੈਤਿਕ ਆਧਾਰ 'ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ। ਹਾਲਾਂਕਿ ਬੈਠਕ ਵਿਚ ਮੌਜੂਦ ਪ੍ਰਧਾਨ ਮੰਤਰੀ ਨੇ ਕੋਈ ਟਿੱਪਣੀ ਨਹੀਂ ਕੀਤੀ। ਪ੍ਰਚੰਡ ਲਗਾਤਾਰ ਕਹਿ ਰਹੇ ਹਨ ਕਿ ਸਰਕਾਰ ਤੇ ਪਾਰਟੀ ਦੇ ਵਿਚਾਲੇ ਕੋਈ ਤਾਲਮੇਲ ਨਹੀਂ ਹੈ ਤੇ ਉਹ ਇਕ ਵਿਅਕਤੀ ਇਕ ਅਹੁਦੇ ਦੀ ਮੰਗ 'ਤੇ ਜ਼ੋਰ ਦੇ ਰਹੇ ਹਨ। ਇਸ ਤੋਂ ਪਹਿਲਾਂ ਅਪ੍ਰੈਲ ਵਿਚ ਵੀ ਸੀਨੀਅਰ ਨੇਤਾਵਾਂ ਨੇ ਓਲੀ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਲਈ ਕਿਹਾ ਸੀ।


Baljit Singh

Content Editor

Related News