ਜੰਗਲੀ ਅੱਗ ਕਾਰਨ ਸਹਿਮੇ ਸਿਡਨੀਵਾਸੀ, ਮਿਲੇ ਘਰ ਖਾਲੀ ਕਰਨ ਦੇ ਹੁਕਮ

12/15/2019 3:26:35 PM

ਸਿਡਨੀ— ਆਸਟ੍ਰੇਲੀਆ 'ਚ ਲੰਬੇ ਸਮੇਂ ਤੋਂ ਫਾਇਰ ਫਾਈਟਰਜ਼ ਮੁਸੀਬਤਾਂ ਨਾਲ ਜੂਝਦੇ ਹੋਏ ਜੰਗਲੀ ਅੱਗ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗੇ ਹਨ ਪਰ ਇਹ ਕਾਬੂ ਨਹੀਂ ਹੋ ਰਹੀ। ਸਿਡਨੀ ਦੇ ਉੱਤਰ-ਪੱਛਮੀ ਖੇਤਰ ਵੱਲ ਅੱਗ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਤੇ ਫਾਇਰ ਫਾਈਟਰਜ਼ 6000 ਘਰਾਂ ਨੂੰ ਸੁਰੱਖਿਅਤ ਰੱਖਣ ਲਈ ਕੋਸ਼ਿਸ਼ਾਂ 'ਚ ਜੁਟੇ ਹਨ। ਲੋਕਾਂ ਨੂੰ ਘਰ ਖਾਲੀ ਕਰਨ ਲਈ ਹੁਕਮ ਦਿੱਤੇ ਗਏ ਤਾਂ ਵੋਲੇਮੀ ਨੈਸ਼ਨਲ ਪਾਰਕ ਖੇਤਰ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਲੇਟ ਅਲਰਟ ਕੀਤਾ ਗਿਆ ਤੇ ਇਹ ਬਹੁਤ ਮੁਸ਼ਕਲ ਹੈ ਕਿ ਉਹ ਸੁਰੱਖਿਅਤ ਇੱਥੋਂ ਨਿਕਲ ਸਕਣ ਕਿਉਂਕਿ ਅੱਗ ਉਨ੍ਹਾਂ ਦੇ ਬਹੁਤ ਨੇੜੇ ਆ ਚੁੱਕੀ ਹੈ। ਐਤਵਾਰ ਦੁਪਹਿਰ ਸਮੇਂ 3,70,000 ਹੈਕਟੇਅਰ ਦੇ ਇਲਾਕੇ ਨੂੰ ਖਾਲੀ ਕਰਵਾਉਣ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਨਿਊ ਸਾਊਥ ਵੇਲਜ਼ ਫਾਇਰ ਸਰਵਿਸ ਦਾ ਕਹਿਣਾ ਹੈ ਕਿ ਅੱਗ ਮਾਊਂਟ ਵਿਲਸਨ ਦੇ ਦੱਖਣੀ ਖੇਤਰ 'ਚ ਬੂਵਨ ਕਰੀਕ ਤਕ ਪੁੱਜ ਚੁੱਕੀ ਹੈ।

PunjabKesari

ਤੇਜ਼ ਹਵਾਵਾਂ ਕਾਰਨ ਅੱਗ ਮਾਊਂਟ ਵਿਲਨ, ਮਾਊਂਟ ਇਰਵਿਨ, ਮਾਊਂਟ ਟੋਮਾਹ ਅਤੇ ਬਾਰੇਬਿੰਗ ਵੱਲ ਵਧ ਰਹੀ ਹੈ। ਐਤਵਾਰ ਸਵੇਰੇ ਸੂਬੇ 'ਚ 106 ਥਾਵਾਂ 'ਤੇ ਜੰਗਲੀ ਅੱਗ ਫੈਲੀ ਹੋਈ ਹੈ ਤੇ ਇਨ੍ਹਾਂ 'ਚੋਂ 57 ਥਾਵਾਂ 'ਤੇ ਲੱਗੀ ਅੱਗ ਨੂੰ ਅਜੇ ਕਾਬੂ ਨਹੀਂ ਕੀਤਾ ਜਾ ਸਕਿਆ। ਜੰਗਲੀ ਅੱਗ ਦੇ ਧੂੰਏਂ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਇਸ ਸਮੇਂ ਭਿਆਨਕ ਜੰਗਲੀ ਅੱਗ ਨਾਲ ਘਿਰਿਆ ਹੋਇਆ ਹੈ ਤੇ 724 ਘਰ, 49 ਸੁਵਿਧਾ ਕੇਂਦਰ ਅਤੇ 158 ਇਮਾਰਤਾਂ ਅੱਗ ਕਾਰਨ ਬਰਬਾਦ ਹੋ ਚੁੱਕੇ ਹਨ। ਹੁਣ ਤਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਤਕਰੀਬਨ 2.7 ਮਿਲੀਅਨ ਹੈਕਟੇਅਰ ਖੇਤਰ ਬਰਬਾਦ ਹੋ ਚੁੱਕਾ ਹੈ।


Related News