ਟੋਰਾਂਟੋ ''ਚ 14ਵੀਂ ਮੰਜ਼ਲ ਤੋਂ ਡਿੱਗਿਆ ਬੱਚਾ, ਹਸਪਤਾਲ ''ਚ ਤੋੜਿਆ ਦਮ

Wednesday, Jul 29, 2020 - 12:07 PM (IST)

ਟੋਰਾਂਟੋ ''ਚ 14ਵੀਂ ਮੰਜ਼ਲ ਤੋਂ ਡਿੱਗਿਆ ਬੱਚਾ, ਹਸਪਤਾਲ ''ਚ ਤੋੜਿਆ ਦਮ

ਟੋਰਾਂਟੋ- ਟੋਰਾਂਟੋ ਦੇ ਜੇਨ ਐਂਡ ਫਿੰਚ ਇਲਾਕੇ ਵਿਚ ਇਕ ਬਹੁਮੰਜ਼ਲਾ ਇਮਾਰਤ ਦੀ 14ਵੀਂ ਮੰਜ਼ਲ 'ਤੇ ਰਹਿੰਦੇ ਪਰਿਵਾਰ ਦਾ ਛੋਟਾ ਬੱਚਾ ਹੇਠਾਂ ਡਿੱਗ ਗਿਆ ਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਬੱਚੇ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਪਰ ਜ਼ਖਮ ਜ਼ਿਆਦਾ ਹੋਣ ਕਾਰਨ ਬੱਚੇ ਦੀ ਮੌਤ ਹੋ ਗਈ। ਟੋਰਾਂਟੋ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਡਰਿਫਟਵੁੱਡ ਐਵੇਨਿਊ ਤੋਂ ਸ਼ਾਮ 5.30 ਵਜੇ ਫੋਨ ਆਇਆ ਕਿ ਇਕ ਬੱਚਾ 14ਵੀਂ ਮੰਜ਼ਲ ਤੋਂ ਹੇਠਾਂ ਡਿੱਗ ਗਿਆ ਹੈ। ਟੋਰਾਂਟੋ ਪੁਲਸ ਇੰਸਪੈਕਟਰ ਡਾਰਨ ਅਲਡਰਿਟ ਨੇ ਕਿਹਾ ਕਿ ਅਜੇ ਇਹ ਸਪੱਸ਼ਟ ਨਹੀ ਹੈ ਕਿ ਬੱਚਾ ਜ਼ਮੀਨ 'ਤੇ ਕਿੰਨਾ ਸਮਾਂ ਡਿੱਗਿਆ ਰਿਹਾ।

ਦੱਸਿਆ ਜਾ ਰਿਹਾ ਹੈ ਕਿ ਐਮਰਜੈਂਸੀ ਕਰੂ ਮੈਂਬਰਾਂ ਨੇ 2 ਸਾਲਾ ਜ਼ਖਮੀ ਬੱਚੇ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਦੱਸਿਆ ਕਿ ਬੱਚੇ ਦੀ ਮਾਂ ਵੀ ਉਸ ਸਮੇਂ ਹਸਪਤਾਲ ਵਿਚ ਸੀ ਜਦ ਬੱਚੇ ਨੇ ਦਮ ਤੋੜ ਦਿੱਤਾ। ਪੁਲਸ ਵਲੋਂ ਇਮਾਰਤ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲੋਕਾਂ ਕੋਲੋਂ ਪੁੱਛਿਆ ਜਾ ਰਿਹਾ ਹੈ ਕਿ ਕਿਸੇ ਨੇ ਇਸ ਹਾਦਸੇ ਨੂੰ ਵਾਪਰਦਿਆਂ ਦੇਖਿਆ ਹੈ? 

ਜਾਂਚ ਅਧਿਕਾਰੀ ਮਾਮਲੇ ਨੂੰ ਸ਼ੱਕੀ ਮੰਨਦੇ ਹੋਏ ਜਾਂਚ ਕਰ ਰਹੇ ਹਨ। ਇਸੇ ਇਮਾਰਤ ਵਿਚ ਰਹਿੰਦੀ ਇਕ ਔਰਤ ਨੇ ਦੱਸਿਆ ਕਿ ਬੱਚਾ ਬਹੁਤ ਪਿਆਰਾ ਸੀ ਤੇ ਕਈ ਵਾਰ ਉਨ੍ਹਾਂ ਨਾਲ ਖੇਡਦਾ ਵੀ ਸੀ। ਉਸ ਨੇ ਦੱਸਿਆ ਕਿ ਬੱਚਾ ਖਿੜਕੀ ਤੋਂ ਨਹੀਂ ਡਿੱਗਿਆ ਹੋਵੇਗਾ ਕਿਉਂਕਿ ਇਹ ਸੇਫਟੀ ਲੈਚ ਨਾਲ ਬੰਦ ਕੀਤੀ ਗਈ ਸੀ ਤੇ ਬੱਚਾ ਇਸ ਨੂੰ ਖੋਲ੍ਹ ਨਹੀਂ ਸਕਦਾ ਸੀ। ਫਿਲਹਾਲ ਇਹ ਸਪੱਸ਼ਟ ਨਹੀਂ ਕਿ ਬੱਚਾ ਬਾਲਕੋਨੀ 'ਚੋਂ ਡਿੱਗਿਆ ਜਾਂ ਖਿੜਕੀ ਵਿਚੋਂ, ਮਾਮਲਾ ਅਜੇ ਜਾਂਚ ਅਧੀਨ ਹੈ। ਇੱਥੇ ਰਹਿਣ ਵਾਲੇ ਲੋਕਾਂ ਨੇ ਬੱਚੇ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਤੇ ਫੁੱਲ ਚੜ੍ਹਾਏ।


author

Lalita Mam

Content Editor

Related News