ਟੀਪੂ ਸੁਲਤਾਨ ਦੀਆਂ ਪਿਸਤੌਲਾਂ ਤੇ ਮਹਾਰਾਜਾ ਰਣਜੀਤ ਸਿੰਘ ਦੀ ਪੇਂਟਿੰਗ ਨੇ ਬ੍ਰਿਟੇਨ ''ਚ ਨੀਲਾਮੀ ਦਾ ਬਣਾਇਆ ਨਵਾਂ ਰਿਕਾਰਡ

Friday, Oct 31, 2025 - 12:38 PM (IST)

ਟੀਪੂ ਸੁਲਤਾਨ ਦੀਆਂ ਪਿਸਤੌਲਾਂ ਤੇ ਮਹਾਰਾਜਾ ਰਣਜੀਤ ਸਿੰਘ ਦੀ ਪੇਂਟਿੰਗ ਨੇ ਬ੍ਰਿਟੇਨ ''ਚ ਨੀਲਾਮੀ ਦਾ ਬਣਾਇਆ ਨਵਾਂ ਰਿਕਾਰਡ

ਲੰਡਨ (ਏਜੰਸੀ)- ਲੰਡਨ ਵਿੱਚ ਹੋਈ "ਆਰਟਸ ਆਫ਼ ਦਿ ਇਸਲਾਮਿਕ ਵਰਲਡ ਐਂਡ ਇੰਡੀਆ" ਨਾਮਕ ਨੀਲਾਮੀ ਵਿੱਚ ਭਾਰਤ ਨਾਲ ਜੁੜੀਆਂ ਕਈ ਇਤਿਹਾਸਕ ਵਸਤਾਂ ਨੇ ਨਵੇਂ ਰਿਕਾਰਡ ਬਣਾਏ। ਇਸ ਨੀਲਾਮੀ ਵਿੱਚ ਕੁੱਲ ਇੱਕ ਕਰੋੜ ਪਾਊਂਡ ਤੋਂ ਵੱਧ ਦੀ ਰਕਮ ਇਕੱਠੀ ਹੋਈ। ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਲਈ ਬਣਾਈਆਂ ਗਈਆਂ ਚਾਂਦੀ ਨਾਲ ਜੜੀਆਂ ਫ਼ਲਿੰਟਲਾਕ ਪਿਸਤੌਲਾਂ ਦੀ ਜੋੜੀ 11 ਲੱਖ ਪਾਊਂਡ ਵਿੱਚ ਇੱਕ ਨਿੱਜੀ ਕੁਲੈਕਟਰ ਨੂੰ ਵੇਚੀਆਂ ਗਈਆਂ — ਜੋ ਇਸ ਦੀ ਅਨੁਮਾਨਿਤ ਕੀਮਤ ਤੋਂ ਲਗਭਗ 14 ਗੁਣਾ ਜ਼ਿਆਦਾ ਸੀ। ਇਹ ਪਿਸਤੌਲਾਂ 1799 ਵਿੱਚ ਈਸਟ ਇੰਡੀਆ ਕੰਪਨੀ ਦੁਆਰਾ ਸ਼੍ਰੀਰੰਗਪਟਨਮ ਦੀ ਲੜਾਈ ਦੌਰਾਨ ਟੀਪੂ ਦੇ ਖ਼ਜ਼ਾਨੇ ਤੋਂ ਮਿਲੀਆਂ ਸਨ।

ਇਸ ਨੀਲਾਮੀ ਦੀ ਹੋਰ ਵੱਡੀ ਖ਼ਾਸੀਅਤ ਸਿੱਖ ਸਮਰਾਟ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਪੇਂਟਿੰਗ ਰਹੀ, ਜੋ 9 ਲੱਖ 52 ਹਜ਼ਾਰ 500 ਪੌਂਡ ਵਿੱਚ ਬਿਕੀ। ਇਹ ਸਿੱਖ ਕਲਾ ਦੇ ਖੇਤਰ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ। ਬਿਸ਼ਨ ਸਿੰਘ ਵੱਲੋਂ ਬਣਾਈ ਗਈ ਇਸ ਕਲਾ ਰਚਨਾ ਵਿੱਚ ਰਣਜੀਤ ਸਿੰਘ ਨੂੰ ਹਾਥੀ ‘ਤੇ ਸਵਾਰ ਹੋ ਕੇ ਲਾਹੌਰ ਦੇ ਬਾਜ਼ਾਰ ਤੋਂ ਇਕ ਜੁਲੂਸ ਵਿੱਚ ਜਾਂਦੇ ਹੋਏ ਦਰਸਾਇਆ ਗਿਆ ਹੈ। ਤਸਵੀਰ ਵਿੱਚ ਉਨ੍ਹਾਂ ਦੇ ਨਾਲ ਪੁੱਤਰ ਸ਼ੇਰ ਸਿੰਘ, ਭਾਈ ਰਾਮ ਸਿੰਘ, ਰਾਜਾ ਗੁਲਾਬ ਸਿੰਘ ਅਤੇ ਹੋਰ ਦਰਬਾਰੀ ਵੀ ਸ਼ਾਮਲ ਹਨ।

ਟੀਪੂ ਸੁਲਤਾਨ ਨਾਲ ਸੰਬੰਧਿਤ ਇੱਕ ਹੋਰ ਚਾਂਦੀ ਨਾਲ ਜੜੀ ਬੰਦੂਕ ‘ਬਲੰਡਰਬਸ’ ਜਾਂ ‘ਬੁਕਮਾਰ’ ਵੀ 5 ਲੱਖ 71 ਹਜ਼ਾਰ 500 ਪੌਂਡ ਵਿੱਚ ਨੀਲਾਮ ਹੋਈ। ਇਸ ਤੋਂ ਇਲਾਵਾ, ਮੁਗਲ ਬਾਦਸ਼ਾਹ ਅਕਬਰ ਦੀ ਲਾਇਬ੍ਰੇਰੀ ਤੋਂ ਮਿਲੀ 16ਵੀਂ ਸਦੀ ਦੀ ਇੱਕ ਕੁਰਾਨ ਦੀ ਪਾਂਡੁਲਿਪੀ 8 ਲੱਖ 63 ਹਜ਼ਾਰ 600 ਪੌਂਡ ਵਿੱਚ ਵੇਚੀ ਗਈ।

ਇਸ ਨੀਲਾਮੀ ਵਿੱਚ ਭਾਰਤ ਨਾਲ ਜੁੜੀਆਂ ਹੋਰ ਕਈ ਵਸਤਾਂ ਵੀ ਸ਼ਾਮਲ ਸਨ — ਜਿਵੇਂ ਕਿ 52 ਭਾਰਤੀ ਪਹਿਰਾਵਿਆਂ ਦੀਆਂ ਤਸਵੀਰਾਂ ਵਾਲਾ ਇੱਕ ਐਲਬਮ ਸੈੱਟ ਜੋ 6 ਲੱਖ 9 ਹਜ਼ਾਰ 600 ਪੌਂਡ ਵਿੱਚ ਵਿਕਿਆ। ਇੱਕ ਜਡਾਊ ਖੰਜ਼ਰ ਅਤੇ 17ਵੀਂ ਸਦੀ ਦੀ "ਝੀਲ ਵਿੱਚ ਖੇਡਦੇ ਹਾਥੀ" ਦੀ ਪੇਂਟਿੰਗ ਵੀ ਉੱਚੇ ਮੁੱਲ ‘ਤੇ ਨੀਲਾਮ ਹੋਈਆਂ। ਸੋਥਬੀਜ਼ ਦੇ ਅਨੁਸਾਰ, ਇਸ ਹਫ਼ਤੇ ਦੀ ਨੀਲਾਮੀ ਵਿੱਚ 25 ਦੇਸ਼ਾਂ ਦੇ ਖਰੀਦਦਾਰਾਂ ਨੇ ਹਿੱਸਾ ਲਿਆ ਅਤੇ 20 ਫੀਸਦੀ ਖਰੀਦਦਾਰ ਨਵੇਂ ਸਨ।


author

cherry

Content Editor

Related News