ਯੂਰਪ ''ਚ ਹੋਵੇਗੀ ਸਮਾਂ ਤਬਦੀਲੀ, ਘੜੀਆਂ ਇੱਕ ਘੰਟਾ ਹੋਣਗੀਆਂ ਅੱਗੇ

Monday, Mar 24, 2025 - 06:04 PM (IST)

ਯੂਰਪ ''ਚ ਹੋਵੇਗੀ ਸਮਾਂ ਤਬਦੀਲੀ, ਘੜੀਆਂ ਇੱਕ ਘੰਟਾ ਹੋਣਗੀਆਂ ਅੱਗੇ

ਰੋਮ (ਦਲਵੀਰ ਸਿੰਘ ਕੈਂਥ)- ਜਦੋਂ ਦੀ ਯੂਰਪੀਅਨ ਯੂਨੀਅਨ ਹੋਂਦ ਵਿੱਚ ਆਈ ਹੈ ਉੁਂਦੋ ਤੋਂ ਯੂਰਪੀਅਨ ਦੇਸ਼ਾਂ ਵਿੱਚ ਸਾਲ ਦੇ ਮਾਰਚ ਤੇ ਅਕਤੂਬਰ ਮਹੀਨੇ ਸਮਾਂ ਬਦਲਦਾ ਹੈ ਜਿਸ ਅਨੁਸਾਰ ਇਨ੍ਹਾਂ ਦੇਸ਼ਾਂ ਵਿੱਚ ਅਕਤੂਬਰ ਮਹੀਨੇ ਦੇ ਆਖ਼ਰੀ ਐਤਵਾਰ ਘੜੀ ਦਾ ਸਮਾਂ ਇੱਕ ਘੰਟਾ ਪਿੱਛੇ ਤੇ ਮਾਰਚ ਮਹੀਨੇ ਦੇ ਆਖ਼ਰੀ ਐਤਵਾਰ ਘੜੀ ਦਾ ਸਮਾਂ ਇੱਕ ਘੰਟਾ ਅੱਗੇ ਚਲਾ ਜਾਂਦਾ ਹੈ। ਯੂਰਪ ਯੂਨੀਅਨ ਬਣਨ ਤੋਂ ਪਹਿਲਾਂ ਵੀ ਜਰਮਨ, ਫਰਾਂਸ ਤੇ ਕੁਝ ਹੋਰ ਦੇਸ਼ ਸਾਲ ਵਿੱਚ 2 ਵਾਰ ਸਮਾਂ ਬਦਲਦੇ ਸਨ। ਉਂਝ ਦੁਨੀਆ ਦੇ ਉੱਤਰੀ ਅਮਰੀਕਾ, ਅਫ਼ਰੀਕਾ, ਕੈਨੇਡਾ ਦੇ ਕੁਝ ਹਿੱੱਸੇ ਆਦਿ ਕਈ ਦੇਸ਼ਾਂ ਵਿੱਚ ਸਮਾਂ ਬਦਲ ਦੀ ਪ੍ਰਕਿਆ ਚੱਲਦੀ ਹੈ ਪਰ ਯੂਰਪ ਵਿੱਚ ਇਹ ਸੰਨ 2001 ਤੋਂ ਚੱਲ ਰਿਹਾ, ਜਿਸ ਦਾ ਮੁੱਖ ਮਕਸਦ ਊਰਜਾ ਦੀ ਬਚਤ ਕਰਨਾ ਹੁੰਦਾ ਹੈ।

ਸਮਾਂ ਬਦਲਣ ਦੀ ਪ੍ਰਕ੍ਰਿਆ ਨਾਲ ਹੁੰਦੀ ਹੈ ਲੱਖਾਂ ਯੂਰੋ ਦੀ ਬੱਚਤ

ਜਿਹੜੇ ਲੋਕ ਜ਼ਿਆਦਾ ਸੌਣਾ ਚਾਹੁੰਦੇ ਹਨ ਉਨ੍ਹਾਂ ਦੇ ਸੌਣ ਦਾ ਸਮਾਂ ਖਰਾਬ ਹੋ ਜਾਂਦਾ ਹੈ। ਮਾਹਿਰਾਂ ਅਨੁਸਾਰ ਸਮੇਂ ਬਦਲਣ ਨਾਲ ਲੋਕਾਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਨੀਂਦ ਅਤੇ ਜਾਗਣ ਦੇ ਸਮੇਂ ਨੂੰ ਨਿਯੰਤ੍ਰਿਤ ਕਰਨ ਵਾਲੀ ਸਰਕੇਡੀਅਨ ਤਾਲ ਬਦਲ ਜਾਂਦੀ ਹੈ ਜਿਸ ਨਾਲ ਕਈ ਤਰ੍ਹਾਂ ਦੇ ਨੀਂਦ ਵਿਕਾਰ ਹੋ ਸਕਦੇ ਹਨ ਜਿਵੇਂ ਪ੍ਰਭਾਵਿਤ ਲੋਕਾਂ ਨੂੰ ਥਕਾਵਟ, ਭਟਕਣਾ, ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਿਲ, ਮੂਡ ਵਿੱਚ ਅਚਾਨਕ ਤਬਦੀਲੀਆਂ ਆ ਸਕਦੀਆਂ ਹਨ। ਬੇਸ਼ੱਕ ਯੂਰਪ ਦੇ ਬਾਸ਼ਿੰਦੇ ਇਸ ਪ੍ਰਕ੍ਰਿਆ ਨਾਲ ਕੁਝ ਦਿਨ ਪ੍ਰੇਸ਼ਾਨ ਵੀ ਹੁੰਦੇ ਪਰ ਇਸ ਪ੍ਰਕ੍ਰਿਆ ਨਾਲ ਊਰਜਾ ਬੱਚਤ ਦੇ ਮੱਦੇਨਜ਼ਰ 7 ਮਹੀਨਿਆਂ ਦੇ ਡੇਲਾਈਟ ਸੇਵਿੰਗ ਸਮੇਂ ਮਾਰਚ ਤੋਂ ਅਕਤੂਬਰ ਦੌਰਾਨ ਇਟਲੀ ਦੀ ਬਿਜਲੀ ਪ੍ਰਣਾਲੀ ਦੀ 340 ਮਿਲੀਅਨ ਕਿਲੋਵਾਟ ਦੀ ਬੱਚਤ ਹੁੰਦੀ ਹੈ ਜੋ ਕਿ ਲਗਭਗ 130 ਹਜ਼ਾਰ ਪਰਿਵਾਰਾਂ ਦੀ ਔਸਤ ਸਲਾਨਾ ਲੋੜ ਨੂੰ ਪੂਰਾ ਕਰ ਸਕਦੀ ਹੈ ਜਿਸ ਨਾਲ ਕਿ ਸਰਕਾਰੀ ਖਜ਼ਾਨੇ ਨੂੰ 75 ਮਿਲੀਅਨ ਯੂਰੋ ਤੋਂ ਵੱਧ ਦਾ ਲਾਭ ਹੁੰਦਾ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-  ਆਸਟ੍ਰੇਲੀਆ 'ਚ ਸਮਾਂ ਤਬਦੀਲੀ 6 ਅਪ੍ਰੈਲ ਨੂੰ 

30 ਮਾਰਚ, 2025 ਨੂੰ ਬਦਲੇਗਾ ਸਮਾਂ

ਯੂਰਪੀ ਪੱਧਰ 'ਤੇ ਕੁਝ ਸਾਲਾਂ ਤੋਂ ਡੇਲਾਈਟ ਸੇਵਿੰਗ ਨੂੰ ਬੰਦ ਕਰਨ ਲਈ ਵਿਚਾਰਾਂ ਸੰਨ 2015 ਤੋਂ ਸ਼ੁਰੂ ਹੋਈਆਂ ਤੇ ਯੂਰਪੀ ਸੰਸਦ ਵਿੱਚ ਸੰਨ 2018 ਵਿੱਚ ਮਤੇ ਵੀ ਪਾਸ ਹੋਏ ਕਿ ਸੰਨ 2021 ਤੋਂ ਸਮਾਂ ਬਦਲਣ ਦੀ ਪ੍ਰਕ੍ਰਿਆ 'ਤੇ ਮੁੰਕਮਲ ਰੋਕ ਲੱਗ ਜਾਵੇਗੀ ਪਰ ਇਸ ਤੋਂ ਪਹਿਲਾਂ ਕਿ ਇਹ ਪ੍ਰਕ੍ਰਿਆ ਬੰਦ ਹੁੰਦੀ ਸੰਨ 2020 ਵਿੱਚ ਕਰੋਨਾ ਦੀ ਕਰੋਪੀ ਨੇ ਦੁਨੀਆ ਭਰ ਦਾ ਸਮਾਂ ਬਦਲ ਕੇ ਰੱਖ ਦਿੱਤਾ ਜਿਸ ਦੇ ਝੰਬੇ ਕਈ ਦੇਸ਼ ਹਾਲੇ ਤੱਕ ਤਾਬੇ ਨਹੀਂ ਆਏ। ਯੂਰਪ ਦੇ ਬਹੁਤੇ ਲੋਕ ਸਮਾਂ ਬਦਲਣ ਦੀ ਪ੍ਰਕ੍ਰਿਆ ਰੋਕਣ ਲਈ ਰਜਾਮੰਦ ਹਨ ਪਰ ਸਮਾਂ ਇਸ ਪ੍ਰਕ੍ਰਿਆ ਨੂੰ ਰੋਕਣ ਲਈ ਕਦੋਂ ਰਜਾਮੰਦ ਹੁੰਦਾ ਇਹ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ। ਫਿਲਹਾਲ 30 ਮਾਰਚ, 2025 ਦਿਨ ਐਤਵਾਰ ਨੂੰ ਸਾਰੇ ਯੂਰਪ ਵਿਚ ਸਮਾਂ ਤੜਕਸਾਰ 2 ਵਜੇ ਘੜੀਆਂ 'ਤੇ ਇੱਕ ਘੰਟੇ ਲਈ ਅੱਗੇ ਆ ਜਾਵੇਗਾ ਤੇ 26 ਅਕਤੂਬਰ, 2025 ਦਿਨ ਐਤਵਰ ਨੂੰ ਤੜਕੇ 3 ਵਜੇ ਵਾਪਸ ਮੁੜੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News