ਆਸਟ੍ਰੇਲੀਆ 'ਚ ਸਮਾਂ ਤਬਦੀਲੀ 4 ਅਕਤੂਬਰ ਤੋਂ
Monday, Sep 28, 2026 - 02:09 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ): ਆਸਟ੍ਰੇਲੀਆ ਵਿੱਚ ਗਰਮੀ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਹੀ 'ਡੇਅ ਲਾਈਟ ਸੇਵਿੰਗ' ਨਿਯਮ ਅਧੀਨ ਐਤਵਾਰ, 4 ਅਕਤੂਬਰ 2026 ਤੋਂ ਘੜੀਆਂ ਦਾ ਸਮਾਂ ਬਦਲਣ ਜਾ ਰਿਹਾ ਹੈ। ਐਤਵਾਰ ਤੜਕੇ ਸਵੇਰੇ 2:00 ਵਜੇ ਆਸਟ੍ਰੇਲੀਆ ਦੀਆਂ ਘੜੀਆਂ ਇੱਕ ਘੰਟਾ ਅੱਗੇ ਹੋ ਜਾਣਗੀਆਂ , ਜਿਸ ਨਾਲ ਸ਼ਾਮ ਦੇ ਸਮੇਂ ਜ਼ਿਆਦਾ ਚਾਨਣ ਮਿਲੇਗਾ। ਇਹ ਤਬਦੀਲੀ ਵਿਕਟੋਰੀਆ, ਨਿਊ ਸਾਊਥ ਵੇਲਜ਼, ਤਸਮਾਨੀਆ, ਦੱਖਣੀ ਆਸਟ੍ਰੇਲੀਆ ਅਤੇ ਆਸਟ੍ਰੇਲੀਆਈ ਕੈਪੀਟਲ ਟੈਰੀਟਰੀ ਵਿੱਚ ਹੀ ਲਾਗੂ ਹੋਵੇਗੀ, ਜਦਕਿ ਕੁਈਂਜ਼ਲੈਂਡ, ਪੱਛਮੀ ਆਸਟ੍ਰੇਲੀਆ ਅਤੇ ਨਾਰਦਨ ਟੈਰੀਟਰੀ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਆਵੇਗਾ। ਇਹ ਨਵੀਂ ਸਮਾਂ ਪ੍ਰਣਾਲੀ ਅਗਲੇ ਸਾਲ 4 ਅਪ੍ਰੈਲ 2027 ਤੱਕ ਲਾਗੂ ਰਹੇਗੀ, ਜਿਸ ਤੋਂ ਬਾਅਦ ਸਰਦ ਰੁੱਤ ਦੀ ਸ਼ੁਰੂਆਤ 'ਤੇ ਘੜੀਆਂ ਮੁੜ ਸਵੇਰੇ 3:00 ਵਜੇ ਤੋਂ ਇੱਕ ਘੰਟਾ ਪਿੱਛੇ ਹੋ ਜਾਣਗੀਆਂ।
ਪੜ੍ਹੋ ਇਹ ਅਹਿਮ ਖ਼ਬਰ- H-1B ਵੀਜ਼ਾ ਨਿਯਮਾਂ 'ਚ ਸਖ਼ਤੀ ਦੇ ਸੰਕੇਤ ! ਭਾਰਤੀ ਹੋਣਗੇ ਸਭ ਤੋਂ ਵੱਧ ਪ੍ਰਭਾਵਿਤ
ਇਸ ਸਮਾਂ ਤਬਦੀਲੀ ਤੋਂ ਬਾਅਦ ਮੈਲਬੌਰਨ, ਸਿਡਨੀ, ਕੈਨਬਰਾ ਅਤੇ ਹੋਬਾਰਟ ਵਰਗੇ ਪ੍ਰਮੁੱਖ ਸ਼ਹਿਰਾਂ ਦਾ ਸਮਾਂ ਭਾਰਤੀ ਸਮੇਂ ਨਾਲੋਂ ਸਾਢੇ ਪੰਜ ਘੰਟੇ ਅੱਗੇ ਹੋ ਜਾਵੇਗਾ। ਭਾਰਤ ਨਾਲੋਂ ਉਲਟ ਮੌਸਮੀ ਚੱਕਰ ਹੋਣ ਕਰਕੇ ਆਸਟ੍ਰੇਲੀਆ ਵਿੱਚ ਇਸ ਸਮੇਂ ਗਰਮੀਆਂ ਦਾ ਆਗਾਜ਼ ਹੋ ਰਿਹਾ ਹੈ। 'ਡੇਅ ਲਾਈਟ ਸੇਵਿੰਗ' ਲਾਗੂ ਕਰਨ ਦਾ ਮੁੱਖ ਮਕਸਦ ਗਰਮੀਆਂ ਦੌਰਾਨ ਦਿਨ ਦੀ ਕੁਦਰਤੀ ਰੋਸ਼ਨੀ ਦਾ ਵੱਧ ਤੋਂ ਵੱਧ ਉਪਯੋਗ ਕਰਨਾ, ਕੰਮ ਜਾਂ ਸਕੂਲ ਤੋਂ ਬਾਅਦ ਸ਼ਾਮ ਵੇਲੇ ਬਾਹਰੀ ਗਤੀਵਿਧੀਆਂ ਲਈ ਜ਼ਿਆਦਾ ਸਮਾਂ ਮੁਹੱਈਆ ਕਰਵਾਉਣਾ ਅਤੇ ਸ਼ਾਮ ਨੂੰ ਬਿਜਲੀ ਦੀ ਵਰਤੋਂ ਘਟਾ ਕੇ ਊਰਜਾ ਦੀ ਬਚਤ ਕਰਨਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸ਼ਹੀਦ ਭਗਤ ਸਿੰਘ ਦੇ ਜਨਮ ਅਸਥਾਨ 'ਤੇ ਬਣੇਗਾ ਸਮਾਰਕ ! ਪਾਕਿ ਸਰਕਾਰ ਦਾ ਵੱਡਾ ਫ਼ੈਸਲਾ
ਘੜੀਆਂ ਦੇ ਸਮੇਂ ਵਿੱਚ ਇਸ ਇੱਕ ਘੰਟੇ ਦੇ ਬਦਲਾਅ ਨਾਲ ਰੋਜ਼ਾਨਾ ਦੇ ਕੰਮ ਕਾਜ ਅਤੇ ਨੀਂਦ ਉੱਤੇ ਪ੍ਰਭਾਵ ਪੈ ਸਕਦਾ ਹੈ। ਇਸ ਤਬਦੀਲੀ ਨਾਲ ਆਸਾਨੀ ਨਾਲ ਤਾਲਮੇਲ ਬਣਾਉਣ ਲਈ ਮਾਹਰਾਂ ਨੇ ਕੁੱਝ ਜ਼ਰੂਰੀ ਸੁਝਾਅ ਦਿੱਤੇ ਹਨ। ਬਦਲਾਅ ਤੋਂ ਕੁਝ ਦਿਨ ਪਹਿਲਾਂ ਹਰ ਰਾਤ 15 ਮਿੰਟ ਪਹਿਲਾਂ ਸੌਣ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ ਸਰੀਰ ਨਵੀਂ ਆਦਤ ਅਨੁਸਾਰ ਢਲ ਸਕੇ। ਦਿਨ ਦੀ ਸ਼ੁਰੂਆਤ ਵਿੱਚ ਸਮੇਂ ਦੀ ਗੜਬੜ ਤੋਂ ਬਚਣ ਲਈ ਸਨਿਚਰਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਹੀ ਘਰ ਦੀਆਂ ਸੂਈਆਂ ਵਾਲੀਆਂ ਘੜੀਆਂ ਨੂੰ ਇੱਕ ਘੰਟਾ ਅੱਗੇ ਕਰ ਲੈਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
