ਹੁਣ ਬਰਥ ਟੂਰਿਜ਼ਮ ਨਾਲ ਜੁੜੇ ਹਜ਼ਾਰਾਂ ਵੀਜਿਆਂ 'ਤੇ ਚੱਲੀ ਕੈਂਚੀ ! ਅਮਰੀਕਾ ਦੀ ਵੱਡੀ ਕਾਰਵਾਈ

Friday, Nov 13, 2026 - 11:24 AM (IST)

ਹੁਣ ਬਰਥ ਟੂਰਿਜ਼ਮ ਨਾਲ ਜੁੜੇ ਹਜ਼ਾਰਾਂ ਵੀਜਿਆਂ 'ਤੇ ਚੱਲੀ ਕੈਂਚੀ ! ਅਮਰੀਕਾ ਦੀ ਵੱਡੀ ਕਾਰਵਾਈ

ਵਾਸ਼ਿੰਗਟਨ (ਆਈਏਐਨਐਸ): ਅਮਰੀਕੀ ਵਿਦੇਸ਼ ਵਿਭਾਗ ਨੇ 'ਬਰਥ ਟੂਰਿਜ਼ਮ' ਵਿੱਚ ਸ਼ਾਮਲ ਜਾਂ ਇਸ ਨੂੰ ਵਧਾਵਾ ਦੇਣ ਵਾਲੇ ਵਿਦੇਸ਼ੀ ਨਾਗਰਿਕਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ 6,000 ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਹਨ। ਵਿਦੇਸ਼ ਵਿਭਾਗ ਦੇ 'ਬਰਥ ਟੂਰਿਜ਼ਮ ਪ੍ਰੀਵੈਨਸ਼ਨ ਟਾਸਕ ਫੋਰਸ' ਨੇ ਆਪਣੇ ਅਧਿਕਾਰਤ 'X' (ਟਵਿੱਟਰ) ਅਕਾਊਂਟ 'ਤੇ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਵਿਭਾਗ ਅਨੁਸਾਰ ਇਸ ਗੈਰ-ਕਾਨੂੰਨੀ ਅਭਿਆਸ ਵਿੱਚ ਸ਼ਾਮਲ ਹਰੇਕ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਵਾਬਦੇਹ ਬਣਾਇਆ ਜਾ ਰਿਹਾ ਹੈ। 

PunjabKesari

ਇਸ ਤੋਂ ਪਹਿਲਾਂ 31 ਅਕਤੂਬਰ ਨੂੰ ਵਿਦੇਸ਼ ਵਿਭਾਗ ਨੇ 4,000 ਤੋਂ ਵੱਧ ਵੀਜ਼ੇ ਰੱਦ ਕਰਨ ਦਾ ਐਲਾਨ ਕੀਤਾ ਸੀ, ਜਿਨ੍ਹਾਂ ਵਿੱਚੋਂ 700 ਤੋਂ ਵੱਧ ਵੀਜ਼ੇ ਚੀਨੀ ਨਾਗਰਿਕਾਂ ਦੇ ਸਨ। ਹਾਲਾਂਕਿ ਤਾਜ਼ਾ ਐਲਾਨ ਵਿੱਚ ਕਿਸੇ ਖਾਸ ਦੇਸ਼ ਦੇ ਨਾਗਰਿਕਾਂ ਦਾ ਵੱਖਰਾ ਵੇਰਵਾ ਨਹੀਂ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਸਿਰਫ਼ ਵੀਜ਼ਾ ਰੱਦ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਸਬੰਧਤ ਵਿਅਕਤੀ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ ਜਾਂ ਉਸ 'ਤੇ ਕੋਈ ਅਪਰਾਧਿਕ ਦੋਸ਼ ਸਿੱਧ ਹੋਇਆ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਨਿਊਜ਼ੀਲੈਂਡ 'ਚ ਪੰਜਾਬੀ ਨਵ-ਵਿਆਹੇ ਜੋੜੇ ਸਮੇਤ 3 ਜਣਿਆਂ ਦੀ ਮੌਤ

ਅਮਰੀਕੀ ਵਿਦੇਸ਼ ਵਿਭਾਗ ਦੇ ਨਿਯਮਾਂ ਅਨੁਸਾਰ ਅਮਰੀਕਾ ਵਿੱਚ ਬੱਚੇ ਨੂੰ ਜਨਮ ਦੇ ਕੇ ਉਸ ਲਈ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਦੇ ਮੁੱਖ ਮਕਸਦ ਨਾਲ ਯਾਤਰਾ ਕਰਨ ਵਾਲਿਆਂ ਨੂੰ 'B ਨਾਨ-ਇਮੀਗ੍ਰੈਂਟ ਵੀਜ਼ਾ' (B1/B2 ਵੀਜ਼ਾ) ਜਾਰੀ ਨਹੀਂ ਕੀਤਾ ਜਾ ਸਕਦਾ। ਜੇਕਰ ਕੌਂਸਲਰ ਅਧਿਕਾਰੀ ਕੋਲ ਇਹ ਮੰਨਣ ਦਾ ਕਾਰਨ ਹੈ ਕਿ ਬਿਨੈਕਾਰ ਅਮਰੀਕਾ ਠਹਿਰਨ ਦੌਰਾਨ ਬੱਚੇ ਨੂੰ ਜਨਮ ਦੇਵੇਗੀ, ਤਾਂ ਵੀਜ਼ਾ ਦੇਣ ਤੋਂ ਇਨਕਾਰ ਕਰਨ ਦਾ ਨਿਯਮ ਬਣਾਇਆ ਗਿਆ ਹੈ। ਹਾਲਾਂਕਿ ਇਸ ਨਿਯਮ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੀ ਮੂਲ ਪ੍ਰਕਿਰਿਆ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਵਿਦੇਸ਼ ਵਿਭਾਗ ਨੇ 12 ਅਗਸਤ ਨੂੰ 'ਬਰਥ ਟੂਰਿਜ਼ਮ ਪ੍ਰੀਵੈਨਸ਼ਨ ਟਾਸਕ ਫੋਰਸ' ਦਾ ਗਠਨ ਕੀਤਾ ਸੀ, ਜਿਸ ਨੇ ਸ਼ੁਰੂਆਤ ਵਿੱਚ ਵਿਸ਼ਵ ਪੱਧਰ 'ਤੇ 600 ਤੋਂ ਵੱਧ ਵੀਜ਼ੇ ਰੱਦ ਕੀਤੇ ਸਨ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ 23 ਸਤੰਬਰ ਨੂੰ ਬਰਥ ਟੂਰਿਜ਼ਮ ਵਿੱਚ ਸ਼ਾਮਲ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਤੇ ਵੀਜ਼ਾ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਸੀ। ਵਿਭਾਗ ਵੱਲੋਂ ਵੀਜ਼ਾ ਧੋਖਾਧੜੀ ਦੀ ਸ਼ਿਕਾਇਤ ਜਾਂ ਜਾਣਕਾਰੀ ਦੇਣ ਲਈ ਇੱਕ ਆਨਲਾਈਨ 'ਟਿਪ ਪੋਰਟਲ' ਵੀ ਸ਼ੁਰੂ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News