ਰੂਸ ਨਾਲ ਤਣਾਅ ਦਰਮਿਆਨ ਅਮਰੀਕਾ ਨੇ ਭਾਰਤ ਦੇ ਹਿੱਤ 'ਚ ਦਿੱਤਾ ਵੱਡਾ ਬਿਆਨ
Friday, Feb 04, 2022 - 11:29 AM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਭਾਰਤ ਨਾਲ ਅਮਰੀਕਾ ਦੇ ਸਬੰਧ ਆਪਣੀਆਂ ਵਿਸ਼ੇਸ਼ਤਾਵਾਂ ’ਤੇ ਆਧਾਰਿਤ ਹਨ ਅਤੇ ਰੂਸ ਨਾਲ ਚੱਲ ਰਹੇ ਤਣਾਅ ਦਾ ਇਨ੍ਹਾਂ ’ਤੇ ਅਸਰ ਨਹੀਂ ਪਿਆ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਵੀਰਵਾਰ ਨੂੰ ਆਪਣੀ ਰੋਜ਼ਾਨਾ ਨਿਊਜ਼ ਕਾਨਫਰੰਸ ਵਿਚ ਇਹ ਪੁੱਛੇ ਜਾਣ ’ਤੇ ਕਿ ਕੀ ਯੂਕਰੇਨ ਸੰਕਟ ਨੂੰ ਲੈ ਕੇ ਰੂਸ ਦੇ ਨਾਲ ਤਣਾਅ ਕਾਰਨ ਭਾਰਤ ਦੇ ਨਾਲ ਅਮਰੀਕੀ ਸਬੰਧਾਂ ’ਤੇ ਅਸਰ ਪਿਆ ਹੈ। ਉਨ੍ਹਾਂ ਕਿਹਾ, ‘ਭਾਰਤ ਨਾਲ ਸਾਡਾ ਰਿਸ਼ਤਾ ਆਪਣੀਆਂ ਖ਼ੂਬੀਆਂ ’ਤੇ ਟਿਕਿਆ ਹੈ।’ ਇਸ ਹਫ਼ਤੇ ਦੂਜੀ ਵਾਰ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਯੂਕਰੇਨ ’ਤੇ ਭਾਰਤ ਦੇ ਰੁਖ਼ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇਣ ਤੋਂ ਗੁਰੇਜ਼ ਕੀਤਾ।
ਇਹ ਵੀ ਪੜ੍ਹੋ: ਅਹਿਮ ਖ਼ਬਰ: UAE ’ਚ ਲਾਗੂ ਹੋਇਆ ਨਵਾਂ ਕਾਨੂੰਨ, ਹੁਣ ਭਾਰਤੀਆਂ ਨੂੰ ਮਿਲਣਗੇ ਇਹ ਅਧਿਕਾਰ
ਪ੍ਰਾਈਸ ਨੇ ਕਿਹਾ, ‘ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਆਪਣੇ ਰੁਖ਼ ’ਤੇ ਚਰਚਾ ਕਰਨ ਲਈ ਮੈਂ ਇਸ ਨੂੰ ਆਪਣੇ ਭਾਰਤੀ ਭਾਈਵਾਲਾਂ ’ਤੇ ਛੱਡਦਾ ਹਾਂ।’ ਉਨ੍ਹਾਂ ਕਿਹਾ, ‘ਰੂਸ ਦੀ ਫ਼ੌਜੀ ਲਾਮਬੰਦੀ ਅਤੇ ਯੂਕਰੇਨ ਖ਼ਿਲਾਫ਼ ਉਸ ਦੀ ਬਿਨਾਂ ਕਾਰਨ ਸੰਭਾਵਿਤ ਹਮਲਾਵਰਤਾ ਦੇ ਬਾਰ ਵਿਚ ਸਾਡੀਆਂ ਚਿੰਤਾਵਾਂ ’ਤੇ ਅਸੀਂ ਆਪਣੇ ਭਾਰਤੀ ਭਾਈਵਾਲਾਂ ਸਮੇਤ ਦੁਨੀਆ ਭਰ ਦੇ ਦਰਜਨਾਂ ਦੇਸ਼ਾਂ ਦੇ ਸੰਪਰਕ ਵਿਚ ਹਾਂ।’ ਪ੍ਰਾਈਸ ਨੇ ਕਿਹਾ ਕਿ ਇਹ ਅਜਿਹੀ ਗੱਲਬਾਤ ਹੈ ਜੋ ਅਮਰੀਕਾ ਵੱਖ-ਵੱਖ ਪੱਧਰਾਂ ’ਤੇ ਕਰ ਰਿਹਾ ਹੈ। ਉਨ੍ਹਾਂ ਕਿਹਾ, ‘ਜਿਵੇਂ ਕਿ ਮੈਂ ਪਹਿਲਾਂ ਇਕ ਵੱਖਰੇ ਸੰਦਰਭ ਵਿਚ ਕਿਹਾ ਸੀ ਕਿ ਯੂਕਰੇਨ ਦੇ ਖ਼ਿਲਾਫ਼ ਰੂਸੀ ਹਮਲਾਵਰਤਾ ਅਤੇ ਯੂਕਰੇਨ ਉੱਤੇ ਰੂਸੀ ਹਮਲੇ ਦਾ ਉਸ ਦੇ ਆਲੇ-ਦੁਆਲੇ ਦੇ ਦੇਸ਼ਾਂ ਤੋਂ ਇਲਾਵਾ ਸੁਰੱਖਿਆ ਮਾਹੌਲ ’ਤੇ ਪ੍ਰਭਾਵ ਪਵੇਗਾ। ਭਾਵੇਂ ਉਹ ਚੀਨ ਹੋਵੇ ਜਾਂ ਭਾਰਤ ਜਾਂ ਦੁਨੀਆ ਭਰ ਦੇ ਦੇਸ਼, ਇਸ ਦਾ ਪ੍ਰਭਾਵ ਦੂਰਗਾਮੀ ਹੋਵੇਗਾ ਅਤੇ ਮੈਨੂੰ ਲੱਗਦਾ ਹੈ ਕਿ ਸਾਰੇ ਇਸ ਨੂੰ ਲੈ ਕੇ ਵਿਆਪਕ ਸਮਝ ਰੱਖਦੇ ਹਨ।’
ਇਹ ਵੀ ਪੜ੍ਹੋ: ਨਾਈਜੀਰੀਆ ’ਚ 2 ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ, ਮੌਕੇ ’ਤੇ 19 ਲੋਕਾਂ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।