''ਤਿੱਬਤ ''ਤੇ ਤਸ਼ੱਦਦ ਇਸ ਗੱਲ ਦਾ ਸਬੂਤ ਕਿ ਚੀਨ..!'' ਤਿੱਬਤੀ ਲੀਡਰ ਨੇ ਦਿੱਤਾ ਵੱਡਾ ਬਿਆਨ

Saturday, Nov 14, 2026 - 04:37 PM (IST)

''ਤਿੱਬਤ ''ਤੇ ਤਸ਼ੱਦਦ ਇਸ ਗੱਲ ਦਾ ਸਬੂਤ ਕਿ ਚੀਨ..!'' ਤਿੱਬਤੀ ਲੀਡਰ ਨੇ ਦਿੱਤਾ ਵੱਡਾ ਬਿਆਨ

ਇੰਟਰਨੈਸ਼ਨਲ ਡੈਸਕ- ਚੀਨ, ਜਿਸ ਦੇ ਭਾਰਤ, ਤਿੱਬਤ ਤੇ ਤਾਈਵਾਨ ਨਾਲ ਸਰਹੱਦੀ ਮਾਮਲਿਆਂ ਨੂੰ ਲੈ ਕੇ ਤਣਾਅ ਬਣਿਆ ਹੋਇਆ ਹੈ, ਬਾਰੇ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਤਿੱਬਤ ਸਰਕਾਰ ਦੇ ਸਿਆਸੀ ਲੀਡਰ ਸਿਕਯੋਂਗ ਪੇਨਪਾ ਸੇਰਿੰਗ ਨੇ ਚਿਤਾਵਨੀ ਦਿੱਤੀ ਹੈ ਕਿ ਤਿੱਬਤ 'ਚ ਚੀਨ ਦੀਆਂ ਵਿਸਥਾਰਵਾਦੀ ਕਾਰਵਾਈਆਂ ਇਸ ਗੱਲ ਦਾ ਸਬੂਤ ਹਨ ਕਿ ਬੀਜਿੰਗ ਭਵਿੱਖ 'ਚ ਅੰਤਰਰਾਸ਼ਟਰੀ ਭਾਈਚਾਰੇ ਨਾਲ ਕੀ ਕਰਨ ਦੀ ਪਲਾਨਿੰਗ ਕਰ ਰਿਹਾ ਹੈ। 

ਅਮਰੀਕਾ ਦੇ ਦੌਰੇ 'ਤੇ ਆਏ ਸੇਰਿੰਗ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਅਮਰੀਕੀ ਕਾਂਗਰਸ ਦੇ ਆਗੂਆਂ ਨਾਲ ਮੁਲਾਕਾਤ ਕਰ ਰਹੇ ਹਨ, ਜਿੱਥੇ 'ਅਸ਼ੋਰਿੰਗ ਦ ਫਿਊਚਰ ਆਫ਼ ਤਿੱਬਤ ਐਕਟ' (AFTA 2026) 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਬਿੱਲ 'ਕੇਂਦਰੀ ਤਿੱਬਤੀ ਪ੍ਰਸ਼ਾਸਨ' ਨੂੰ ਤਿੱਬਤੀ ਲੋਕਾਂ ਦੀ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਵਜੋਂ ਮਾਨਤਾ ਦੇਣ ਦੀ ਮੰਗ ਕਰਦਾ ਹੈ।

ਇਸ ਦੌਰਾਨ ਸੇਰਿੰਗ ਨੇ ਕਿਹਾ ਕਿ ਤਿੱਬਤ ਦੇ ਅੰਦਰ ਹਾਲਾਤ ਬੇਹੱਦ ਗੰਭੀਰ ਹਨ ਅਤੇ ਤਿੱਬਤੀ ਲੋਕ ਹੌਲੀ ਮੌਤ ਮਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਚੀਨ ਵੱਲੋਂ ਤਿੱਬਤੀ ਭਾਸ਼ਾ ਦੇ ਸਾਈਨ ਬੋਰਡਾਂ 'ਤੇ ਪਾਬੰਦੀ ਲਗਾਈ ਜਾ ਰਹੀ ਹੈ, ਮੱਠਾਂ ਦੇ ਡਿਜ਼ਾਈਨ ਬਦਲੇ ਜਾ ਰਹੇ ਹਨ ਅਤੇ ਤਿੱਬਤੀਆਂ 'ਤੇ ਚੀਨੀ ਸੱਭਿਆਚਾਰ ਥੋਪ ਕੇ ਉਨ੍ਹਾਂ ਦੀ ਪਛਾਣ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਚੀਨ ਦੀ ਵਿਸਥਾਰਵਾਦੀ ਨੀਤੀ 1950 'ਚ ਤਿੱਬਤ ਤੋਂ ਸ਼ੁਰੂ ਹੋਈ ਸੀ, ਜੋ ਹੁਣ ਪੂਰਬੀ ਅਤੇ ਦੱਖਣੀ ਚੀਨ ਸਾਗਰ ਤੱਕ ਫੈਲ ਗਈ ਹੈ। ਚੀਨ ਆਪਣੇ ਫ਼ਾਇਦੇ ਲਈ ਭਾਰਤ ਨਾਲ ਸਰਹੱਦੀ ਵਿਵਾਦ, ਜਾਪਾਨ ਪ੍ਰਤੀ ਹਮਲਾਵਰ ਰੁਖ਼ ਅਤੇ ਤਾਈਵਾਨ ਤੇ ਫਿਲੀਪੀਨਜ਼ ਨਾਲ ਤਣਾਅਪੂਰਨ ਸਬੰਧਾਂ ਦੀ ਵਰਤੋਂ ਕਰ ਰਿਹਾ ਹੈ, ਪਰ ਦੁਨੀਆ ਸਾਹਮਣੇ 'ਸ਼ਾਂਤੀਦੂਤ' ਬਣਨ ਦਾ ਦਿਖਾਵਾ ਕਰ ਰਿਹਾ ਹੈ। ਸੇਰਿੰਗ ਨੇ ਕਿਹਾ ਕਿ ਤਿੱਬਤੀ ਲਿਪੀ 7ਵੀਂ ਸਦੀ ਵਿੱਚ ਭਾਰਤ ਦੀ ਦੇਵਨਾਗਰੀ ਲਿਪੀ ਤੋਂ ਆਈ ਸੀ ਅਤੇ ਬੁੱਧ ਧਰਮ ਵੀ ਭਾਰਤ ਤੋਂ ਤਿੱਬਤ ਪਹੁੰਚਿਆ ਸੀ, ਪਰ ਹੁਣ ਚੀਨ ਝੂਠਾ ਦਾਅਵਾ ਕਰ ਰਿਹਾ ਹੈ ਕਿ ਤਿੱਬਤੀ ਬੁੱਧ ਧਰਮ ਚੀਨ ਤੋਂ ਆਇਆ ਹੈ।

ਉਨ੍ਹਾਂ ਵਿਸ਼ਵ ਭਾਈਚਾਰੇ ਵੱਲੋਂ ਚੀਨ ਨਾਲ ਵਪਾਰਕ ਸਬੰਧ ਵਧਾਉਣ ਲਈ ਤਿੱਬਤ ਦੇ ਮੁੱਦੇ 'ਤੇ ਚੁੱਪ ਰਹਿਣ ਦੀ ਆਲੋਚਨਾ ਕੀਤੀ, ਪਰ ਨਾਲ ਹੀ ਕਿਹਾ ਕਿ ਅਮਰੀਕਾ ਤਿੱਬਤ ਦਾ ਸਭ ਤੋਂ ਅਹਿਮ ਅੰਤਰਰਾਸ਼ਟਰੀ ਭਾਈਵਾਲ ਬਣਿਆ ਹੋਇਆ ਹੈ ਅਤੇ ਅਮਰੀਕੀ ਕਾਂਗਰਸ 'ਚ ਦੋਵਾਂ ਪਾਰਟੀਆਂ ਦਾ ਤਿੱਬਤ ਨੂੰ ਮਜ਼ਬੂਤ ਸਮਰਥਨ ਹਾਸਲ ਹੈ।


author

Harpreet SIngh

Content Editor

Related News