ਰੂਸ ਤੇ ਯੂਕ੍ਰੇਨ ਵਿਚਾਲੇ ਨਿਰਪੱਖ ਵਿਚੋਲਗੀ ਦੀ ਕੋਸ਼ਿਸ਼ ਕਰ ਰਿਹੈ ਭਾਰਤ
Saturday, Nov 14, 2026 - 05:01 PM (IST)
ਇੰਟਰਨੈਸ਼ਨਲ ਡੈਸਕ- ਰੂਸ ਅਤੇ ਯੂਕ੍ਰੇਨ ਵਿਚਾਲੇ ਪਿਛਲੇ 5 ਸਾਲਾਂ ਤੋਂ ਚੱਲਦੀ ਆ ਰਹੀ ਜੰਗ ਨੂੰ ਖ਼ਤਮ ਕਰਨ ਲਈ ਭਾਰਤ ਵੱਲੋਂ ਇੱਕ 'ਸ਼ਾਂਤੀ ਦੂਤ' ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਅਨੁਸਾਰ, ਭਾਵੇਂ ਨਵੀਂ ਦਿੱਲੀ ਦੇ ਮਾਸਕੋ ਨਾਲ ਇਤਿਹਾਸਕ ਅਤੇ ਰਣਨੀਤਕ ਸਬੰਧ ਕਾਫ਼ੀ ਮਜ਼ਬੂਤ ਹਨ, ਪਰ ਜਿੱਥੋਂ ਤੱਕ ਯੂਕ੍ਰੇਨ ਜੰਗ ਦਾ ਸਵਾਲ ਹੈ, ਰੂਸ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ 'ਚ ਭਾਰਤ ਦਾ ਬਹੁਤ ਘੱਟ ਹੱਥ ਹੈ।
ਭਾਰਤ ਅਤੇ ਰੂਸ ਵਿਚਾਲੇ ਰੱਖਿਆ, ਊਰਜਾ ਅਤੇ ਵਪਾਰਕ ਖੇਤਰਾਂ ਵਿੱਚ ਡੂੰਘੀ ਭਾਈਵਾਲੀ ਹੈ, ਜਿਸ ਕਾਰਨ ਭਾਰਤ ਨੇ ਪੱਛਮੀ ਦੇਸ਼ਾਂ ਦੇ ਦਬਾਅ ਦੇ ਬਾਵਜੂਦ ਰੂਸ ਦੀ ਸਿੱਧੀ ਨਿੰਦਾ ਕਰਨ ਤੋਂ ਗੁਰੇਜ਼ ਕੀਤਾ ਹੈ ਅਤੇ ਗੱਲਬਾਤ ਤੇ ਕੂਟਨੀਤੀ ਰਾਹੀਂ ਹੱਲ ਕੱਢਣ ਦੀ ਵਕਾਲਤ ਕੀਤੀ ਹੈ।
ਇਸ ਤੋਂ ਇਲਾਵਾ ਰੂਸ-ਯੂਕ੍ਰੇਨ ਜੰਗ 'ਚ ਕ੍ਰੇਮਲਿਨ ਦੀਆਂ ਫ਼ੌਜੀ ਅਤੇ ਰਣਨੀਤਕ ਤਰਜੀਹਾਂ ਨੂੰ ਬਦਲਣ ਲਈ ਭਾਰਤ ਕੋਲ ਲੋੜੀਂਦਾ ਕੂਟਨੀਤਕ ਦਬਾਅ ਜਾਂ ਪ੍ਰਭਾਵ ਨਹੀਂ ਹੈ। ਇਸ ਕਾਰਨ ਭਾਰਤ ਦੀ ਵਿਚੋਲਗੀ ਦੀਆਂ ਕੋਸ਼ਿਸ਼ਾਂ ਕਾਫ਼ੀ ਹੱਦ ਤੱਕ ਸੀਮਿਤ ਹਨ।
ਭਾਰਤ ਜਿੱਥੇ ਇੱਕ ਪਾਸੇ ਰੂਸ ਨਾਲ ਆਪਣੇ ਪੁਰਾਣੇ ਸਬੰਧਾਂ ਨੂੰ ਬਰਕਰਾਰ ਰੱਖ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਯੂਕ੍ਰੇਨ ਅਤੇ ਪੱਛਮੀ ਦੇਸ਼ਾਂ ਨਾਲ ਗੱਲਬਾਤ ਜਾਰੀ ਰੱਖ ਕੇ ਖ਼ੁਦ ਨੂੰ ਇੱਕ ਨਿਰਪੱਖ ਅਤੇ ਭਰੋਸੇਮੰਦ ਸ਼ਾਂਤੀ ਭਾਈਵਾਲ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
