ਯੂਕ੍ਰੇਨ ਸੰਕਟ : ਰੂਸੀ ਫ਼ੌਜ ਦੇ ਹਮਲੇ 'ਚ ਤਿੰਨ ਨਾਗਰਿਕਾਂ ਦੀ ਮੌਤ, ਬਿਟ੍ਰੇਨ ਨੇ ਇੰਟਰਪੋਲ ਤੋਂ ਕੀਤੀ ਇਹ ਮੰਗ
Monday, Mar 07, 2022 - 11:26 AM (IST)
ਕੀਵ (ਵਾਰਤਾ): ਯੂਕ੍ਰੇਨ ਵਿੱਚ ਰੂਸੀ ਫ਼ੌਜੀ ਕਾਰਵਾਈ ਦੌਰਾਨ ਰਾਜਧਾਨੀ ਕੀਵ ਨੇੜੇ ਇਰਪਿਨ ਸ਼ਹਿਰ ਵਿੱਚ ਕੀਤੀ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਯੂਕ੍ਰੇਨ ਦੇ ਇੱਕ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਉਸ ਸਮੇਂ ਹੋਈ ਜਦੋਂ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਸ਼ਹਿਰ ਤੋਂ ਬਾਹਰ ਜਾ ਰਹੇ ਸਨ। ਹਮਲੇ ਵਿੱਚ ਮਾਂ ਸਮੇਤ ਦੋ ਬੱਚਿਆਂ ਦੀ ਮੌਤ ਹੋ ਗਈ। ਯੂਕ੍ਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਰੂਸੀ ਫ਼ੌਜ ਕੀਵ 'ਤੇ ਚਾਰੇ ਪਾਸਿਓਂ ਹਮਲਾ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਤੋਂ ਬਚਣ ਲਈ ਯੂਕ੍ਰੇਨੀ ਨਾਗਰਿਕਾਂ ਸਮੇਤ ਵਿਦੇਸ਼ੀ ਇੱਥੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਰਾਸ਼ਟਰਪਤੀ ਜ਼ੇਲੇਂਸਕੀ ਨੂੰ ਮਿਲਿਆ ਨਵਾਂ ਸਾਥੀ, ਗਲੋਬਲ ਸਿਟੀਜ਼ਨ ਨਾਲ ਮਿਲ ਕੇ ਕੀਤੀ ਮਦਦ ਦੀ ਮੰਗ
ਕੀਵ ਨਿਊਜ਼ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਸੈਂਕੜੇ ਡਰੇ ਹੋਏ ਲੋਕਾਂ ਨੇ ਸਾਵਧਾਨੀ ਨਾਲ ਕੰਕਰੀਟ ਅਤੇ ਮਲਬੇ ਵਿੱਚੋਂ ਪੈਦਲ ਇਰਪਿਨ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਰੂਸ ਦੀ ਫ਼ੌਜੀ ਕਾਰਵਾਈ ਉਦੋਂ ਤੱਕ ਨਹੀਂ ਰੁਕੇਗੀ ਜਦੋਂ ਤੱਕ ਉਸ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ।
ਰੂਸ ਨੂੰ ਇੰਟਰਪੋਲ ਤੋਂ ਤੁਰੰਤ ਬਾਹਰ ਕੱਢੋ: ਬ੍ਰਿਟੇਨ
ਬ੍ਰਿਟੇਨ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਅੰਤਰਰਾਸ਼ਟਰੀ ਅਪਰਾਧਿਕ ਪੁਲਸ ਸੰਗਠਨ (ਇੰਟਰਪੋਲ) ਨੂੰ ਪੱਤਰ ਲਿਖ ਕੇ ਰੂਸ ਨੂੰ ਇੰਟਰਪੋਲ ਪ੍ਰਣਾਲੀ ਤੋਂ ਬਾਹਰ ਕੱਢਣ ਦਾ ਤੁਰੰਤ ਫ਼ੈਸਲਾ ਲੈਣ ਦੀ ਮੰਗ ਕੀਤੀ ਹੈ। ਪਟੇਲ ਨੇ ਟਵੀਟ ਕੀਤਾ ਕਿ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਹਮਰੁਤਬਿਆਂ ਨਾਲ, ਮੈਂ ਅੱਜ ਇੰਟਰਪੋਲ ਹੈੱਡਕੁਆਰਟਰ ਅਤੇ ਇਸਦੀ ਕਾਰਜਕਾਰੀ ਕਮੇਟੀ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਵਿਚ ਉਨ੍ਹਾਂ ਨੂੰ ਰੂਸ ਦੇ ਤੁਰੰਤ ਬਾਹਰ ਕੱਢਣ 'ਤੇ ਇਸ ਹਫਤੇ ਕੋਈ ਫੈ਼ਸਲਾ ਲੈਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਯੂਕ੍ਰੇਨ ਵਿੱਚ ਰੂਸ ਦੀ ਫ਼ੌਜੀ ਕਾਰਵਾਈ ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਵਾਲੇ ਸਹਿਯੋਗ ਲਈ ਸਿੱਧਾ ਖ਼ਤਰਾ ਹੈ। ਗ੍ਰਹਿ ਮੰਤਰੀ ਨੇ ਸੋਮਵਾਰ ਨੂੰ ਕਿਹਾ ਕਿ ਯੂਕੇ ਸਰਕਾਰ ਯੂਕ੍ਰੇਨ ਸੰਕਟ 'ਤੇ ਰੂਸ ਨੂੰ ਇੰਟਰਪੋਲ ਤੋਂ ਬਾਹਰ ਦਾ ਰਸਤਾ ਦਿਖਾਉਣ ਲਈ ਯੂਕ੍ਰੇਨ ਦੀ ਬੇਨਤੀ ਦਾ ਸਮਰਥਨ ਕਰੇਗੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।