ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਮਿਲ ਰਹੀਆਂ ਧਮਕੀਆਂ, ਲੋਕਾਂ ਵੱਲੋਂ ਤਾਲਾਬੰਦੀ ਅਤੇ ਟੀਕਾਕਰਨ ਦਾ ਵਿਰੋਧ (ਤਸਵੀਰਾਂ)
Wednesday, Jun 15, 2022 - 05:44 PM (IST)
ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਵਿਰੁੱਧ ਸਾਜ਼ਿਸ਼ਾਂ ਦੀਆਂ ਗਤੀਵਿਧੀਆਂ ਅਤੇ ਟੀਕਾਕਰਨ ਦੇ ਫ਼ੈਸਲੇ ਵਿਰੁੱਧ ਪ੍ਰਤੀਕਿਰਿਆ ਦੇ ਵਿਚਕਾਰ ਧਮਕੀਆਂ ਤਿੰਨ ਸਾਲਾਂ ਵਿਚ ਲੱਗਭਗ ਤਿੰਨ ਗੁਣਾ ਹੋ ਗਈਆਂ ਹਨ। ਅਰਡਰਨ ਨੂੰ ਫਰਵਰੀ 2020 ਤੋਂ ਹੁਣ ਤੱਕ 100 ਤੋਂ ਵੱਧ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਦਾ ਕਾਰਨ ਸਰਕਾਰ ਵੱਲੋਂ ਲਗਾਈ ਸਖ਼ਤ ਤਾਲਾਬੰਦੀ ਹੈ।
ਇੰਨਾ ਹੀ ਨਹੀਂ ਕੋਰੋਨਾ ਵੈਕਸੀਨ ਨੂੰ ਲਾਜ਼ਮੀ ਬਣਾਉਣ ਦਾ ਉਨ੍ਹਾਂ ਦਾ ਫ਼ੈਸਲਾ ਵੀ ਉਲਟਾ ਪੈ ਗਿਆ। ਲੋਕ ਪਿਛਲੇ ਕੁਝ ਸਮੇਂ ਤੋਂ ਇਸ ਫ਼ੈਸਲੇ ਖ਼ਿਲਾਫ਼ ਸੰਸਦ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ।ਫਰਵਰੀ 2020 ਤੋਂ ਨਿਊਜ਼ੀਲੈਂਡ ਵਿੱਚ ਸਖ਼ਤ ਤਾਲਾਬੰਦੀ ਅਤੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਹਨ। ਸਰਕਾਰ ਦਾ ਇਹ ਫ਼ੈਸਲਾ ਕੋਰੋਨਾ ਦੌਰ ਦੌਰਾਨ ਸੰਕਰਮਣ ਨੂੰ ਰੋਕਣ ਲਈ ਸੀ। ਲੰਬੇ ਸਮੇਂ ਤੋਂ ਲਗਾਈਆਂ ਪਾਬੰਦੀਆਂ ਤੋਂ ਪਰੇਸ਼ਾਨ ਲੋਕ ਹੁਣ ਵਿਰੋਧ ਦੇ ਹਿੰਸਕ ਤਰੀਕਿਆਂ ਦਾ ਸਹਾਰਾ ਲੈ ਰਹੇ ਹਨ।
ਪ੍ਰਧਾਨ ਮੰਤਰੀ ਨੂੰ ਦਿੱਤੀ ਗਈ 100 ਵਾਰ ਧਮਕੀ
ਇਹ ਜਾਣਕਾਰੀ ਨਿਊਜ਼ੀਲੈਂਡ ਦੇ ਅਧਿਕਾਰਤ ਸੂਚਨਾ ਐਕਟ ਤਹਿਤ ਜਾਰੀ ਕੀਤੀ ਗਈ। ਅੰਕੜਿਆਂ ਦੇ ਅਨੁਸਾਰ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੂੰ 2019 ਵਿੱਚ 18, 2020 ਵਿੱਚ 32 ਅਤੇ 2021 ਵਿੱਚ 50 ਵਾਰ ਧਮਕੀਆਂ ਮਿਲੀਆਂ। ਪੁਲਸ ਨੇ ਪ੍ਰਧਾਨ ਮੰਤਰੀ ਨੂੰ ਧਮਕੀ ਦੇਣ ਵਾਲੇ ਦੋ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਹਨਾਂ 'ਤੇ ਪ੍ਰਧਾਨ ਮੰਤਰੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਵੀ ਦੋਸ਼ ਹੈ।
ਲਾਜ਼ਮੀ ਟੀਕਾਕਰਨ ਦਾ ਲੋਕਾਂ ਵੱਲੋਂ ਵਿਰੋਧ
ਅਰਡਰਨ ਦੇ ਕੋਰੋਨਾ ਵੈਕਸੀਨ ਨਾਲ ਜੁੜੇ ਫ਼ੈਸਲੇ ਦਾ ਵਿਰੋਧ ਵੀ ਹੋ ਰਿਹਾ ਹੈ। ਨਿਊਜ਼ੀਲੈਂਡ ਵਿੱਚ ਹਰ ਕਿਸੇ ਲਈ ਵੈਕਸੀਨ ਲੈਣਾ ਲਾਜ਼ਮੀ ਹੈ। ਇਸ ਫ਼ੈਸਲੇ ਦੇ ਰੋਸ ਵਜੋਂ ਲੋਕ ਸੜਕਾਂ 'ਤੇ ਕਾਨੂੰਨ ਤੋੜਦੇ ਹਨ। ਪ੍ਰਦਰਸ਼ਨਕਾਰੀਆਂ ਨੇ ਪੁਲਸ ਦੇ ਵਿਰੋਧ ਵਿੱਚ ਹਿੰਸਕ ਦੰਗੇ ਵੀ ਕੀਤੇ ਅਤੇ ਨਿਊਜ਼ੀਲੈਂਡ ਦੀ ਸੰਸਦ ਦੇ ਮੈਦਾਨ ਵਿੱਚ ਅੱਗ ਲਗਾ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਸਰਕਾਰ ਨੇ ਲਿਆ ਇਹ ਫ਼ੈਸਲਾ
2021 ਵਿਚ ਦੁਨੀਆ ਦੀ ਸਭ ਤੋਂ ਮਹਾਨ ਨੇਤਾ ਦਾ ਮਿਲਿਆ ਖਿਤਾਬ
ਮਈ 2021 ਵਿਚ ਫਾਰਚਿਊਨ ਮੈਗਜ਼ੀਨ ਦੁਆਰਾ ਦੁਨੀਆ ਦੇ ਮਹਾਨ ਨੇਤਾਵਾਂ ਦੀ ਸੂਚੀ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੂੰ ਪਹਿਲਾ ਸਥਾਨ ਦਿੱਤਾ ਗਿਆ। ਉਹਨਾਂ ਨੂੰ ਇਹ ਖਿਤਾਬ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਵਿਚ ਸਫਲਤਾ, ਕ੍ਰਾਈਸਟ ਚਰਚ ਦੀ ਘਟਨਾ 'ਤੇ ਨੋਟਿਸ ਲੈਣ ਅਤੇ ਵਾਈਟ ਆਈਲੈਂਡ 'ਤੇ ਜਵਾਲਾਮੁਖੀ ਫਟਣ ਦੀ ਘਟਨਾ 'ਤੇ ਉਹਨਾਂ ਵੱਲੋਂ ਕੀਤੇ ਕੰਮ ਲਈ ਦਿੱਤਾ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।